ਜਲੰਧਰ (ਵਿੱਕੀ ਸੂਰੀ) : ਇਲਾਕੇ ‘ਚ ਚੋਰੀਆਂ ਦੀ ਲਗਾਤਾਰ ਵਧ ਰਹੀ ਘਟਨਾਵਾਂ ਨੇ ਲੋਕਾਂ ਅਤੇ ਵਪਾਰੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਅੱਜ ਦੇ ਦਿਨ ਦੌਰਾਨ ਇਸ ਹਲਕੇ ਵਿੱਚ ਦੂਜੀ ਵਾਰੀ ਦੁਕਾਨਾਂ ‘ਤੇ ਹਮਲਾ ਕਰਦਿਆਂ ਚੋਰ ਕਈ ਹਜ਼ਾਰ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫਰਾਰ ਹੋ ਗਏ। ਪਹਿਲੀ ਘਟਨਾ “ਰਾਹੁਲ ਚਿਕਨ” ਨਾਮਕ ਦੁਕਾਨ ਦੀ ਹੈ, ਜਿੱਥੋਂ ਚੋਰ ਇੱਕ LCD ਟੀਵੀ ਅਤੇ ਕੁੱਝ ਨਕਦੀ ਲੈ ਗਏ। ਇਸ ਦੇ ਨਾਲ ਹੀ ਨਿਕਟਵਰਤੀ ਕੰਪਿਊਟਰ ਸੈਂਟਰ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦੁਕਾਨ ਮਾਲਕ ਦੇ ਅਨੁਸਾਰ, ਇੱਕ DVR , 12,000 ਨਕਦੀ ਅਤੇ ਹੋਰ ਕੀਮਤੀ ਸਮਾਨ ਲੈ ਉਡੇ। ਦੁਕਾਨਦਾਰਾਂ ਅਤੇ ਇਲਾਕੇ ਵਾਸੀਆਂ ਨੇ ਇਲਜ਼ਾਮ ਲਾਇਆ ਕਿ ਰਾਤ ਦੇ ਸਮੇਂ ਇਲਾਕੇ ‘ਚ ਕੋਈ ਵੀ ਪੁਲਿਸ ਜਾਂ ਪੀਸੀਆਰ ਵਾਹਨ ਮੌਜੂਦ ਨਹੀਂ ਹੁੰਦੇ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਚੁੰਗੀ ਨੇੜੇ ਲੱਗਦੀਆਂ ਰੇੜੀਆਂ ਦੇ ਇਲਾਕੇ ‘ਚ ਨਸ਼ੇ ਦਾ ਧੰਦਾ ਆਜ਼ਾਦੀ ਨਾਲ ਚੱਲ ਰਿਹਾ ਹੈ, ਜਿਸ ਉੱਤੇ ਪੁਲਿਸ ਕੋਈ ਕਰਵਾਈ ਨਹੀਂ ਕਰ ਰਹੀ। ਇਲਾਕਾ ਨਿਵਾਸੀਆਂ ਨੇ ਮਾਨਯੋਗ ਕਮਿਸ਼ਨਰ ਸਾਹਿਬ ਕੋਲ ਮੰਗ ਰੱਖੀ ਹੈ ਕਿ ਘਾਹ ਮੰਡੀ ਚੁੰਗੀ ‘ਤੇ ਲੱਗਣ ਵਾਲੀਆਂ ਰੇੜੀਆਂ ਨੂੰ ਹਟਾਇਆ ਜਾਵੇ ਅਤੇ ਇਲਾਕੇ ‘ਚ ਰਾਤ ਦੇ ਸਮੇਂ ਪੁਲਿਸ ਪਹਿਰਾ ਵਧਾਇਆ ਜਾਵੇ। ਲੋਕਾਂ ਦਾ ਦਾਅਵਾ ਹੈ ਕਿ ਰਾਤ ਨੂੰ ਇਲਾਕੇ ‘ਚ ਹਥਿਆਰਾਂ ਨਾਲ ਲੈਸ ਮੁੰਡੇ ਸ਼ਰੇਆਮ ਘੁੰਮਦੇ ਹਨ, ਪਰ ਪੁਲਿਸ ਦੀ ਕੋਈ ਹਾਜ਼ਰੀ ਨਹੀਂ ਹੁੰਦੀ। ਇਲਾਕਾ ਵਾਸੀਆਂ ਦੀ ਇਹ ਵੀ ਸ਼ਿਕਾਇਤ ਹੈ ਕਿ ਪੀਸੀਆਰ ਵਾਲਿਆਂ ਦੇ ਨਾਂ ‘ਤੇ ਸਿਰਫ਼ ਵਾਹਨ ਹਨ, ਪਰ ਹਕੀਕਤ ਵਿੱਚ ਕੋਈ ਡਿਊਟੀ ਨਹੀਂ ਨਿਭਾਈ ਜਾਂਦੀ। ਇਨ੍ਹਾਂ ਵਧ ਰਹੀਆਂ ਚੋਰੀਆਂ ਕਾਰਨ ਇਲਾਕੇ ‘ਚ ਦਹਿਸਤ ਦਾ ਮਾਹੌਲ ਬਣ ਚੁੱਕਾ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਅਤੇ ਸਕਥ ਕਾਰਵਾਈ ਦੀ ਮੰਗ ਕਰ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ 112 ਤੇ ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਦੋ ਤੋਂ ਤਿੰਨ ਘੰਟਿਆਂ ਬਾਅਦ ਮੌਕੇ ਵਾਰਦਾਤ ਤੇ ਪਹੁੰਚੀ।