12ਵੀਂ ਦੀ ਪ੍ਰੀਖਿਆ ‘ਚ ਫੇਲ ਹੋਣ ਕਾਰਨ ਪਿਛਲੇ 48 ਘੰਟਿਆਂ ‘ਚ 7 ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਇਹ ਸਾਰੀਆਂ ਘਟਨਾਵਾਂ ਤੇਲੰਗਾਨਾ ਦੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਵਾਲੇ ਸਾਰੇ ਬੱਚੇ ਤੇਲੰਗਾਨਾ ਬੋਰਡ ਦੀ ਇੰਟਰਮੀਡੀਏਟ ਪ੍ਰੀਖਿਆ ਵਿੱਚ ਫੇਲ੍ਹ ਹੋ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਬੋਰਡ ਨੇ 24 ਅਪ੍ਰੈਲ ਨੂੰ ਹੀ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਨਤੀਜੇ ਐਲਾਨ ਦਿੱਤੇ ਸਨ।
ਮਹਿਬੂਬਾਬਾਦ ਦੇ ਪੁਲਿਸ ਸੁਪਰਡੈਂਟ ਦੇ ਅਨੁਸਾਰ ਪ੍ਰੀਖਿਆ ਵਿੱਚ ਫੇਲ ਹੋਣ ਤੋਂ ਬਾਅਦ ਦੋ ਲੜਕੀਆਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਦੇ ਡਿਪਟੀ ਕਮਿਸ਼ਨਰ (ਪੂਰਬੀ ਜ਼ੋਨ) ਆਰ ਗਿਰਧਰ ਨੇ ਕਿਹਾ ਕਿ ਪਹਿਲੇ ਸਾਲ ਦੇ ਇੱਕ ਹੋਰ ਵਿਦਿਆਰਥੀ ਨੇ ਪ੍ਰੀਖਿਆ ਵਿੱਚ ਫੇਲ ਹੋਣ ਤੋਂ ਬਾਅਦ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ।
ਨਲਕੁੰਟਾ ਇਲਾਕੇ ਦਾ ਇੱਕ ਹੋਰ ਲੜਕਾ ਜਾਡਚੇਰਲਾ ਵਿੱਚ ਰੇਲਵੇ ਟ੍ਰੈਕ ਦੇ ਕੋਲ ਮ੍ਰਿਤਕ ਪਾਇਆ ਗਿਆ। ਪੁਲਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਦਾ ਕਾਰਨ ਪ੍ਰੀਖਿਆਵਾਂ ‘ਚ ਖਰਾਬ ਪ੍ਰਦਰਸ਼ਨ ਸੀ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਬਾਰੇ ਮਾਨਚੇਰੀਅਲ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ ਕਿ ਇੰਟਰਮੀਡੀਏਟ ਪਹਿਲੇ ਸਾਲ ਦੇ ਤਿੰਨ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਫੇਲ੍ਹ ਹੋਣ ਕਾਰਨ ਵੱਖ-ਵੱਖ ਥਾਵਾਂ ‘ਤੇ ਖੁਦਕੁਸ਼ੀ ਕਰ ਲਈ ਹੈ।