ਯੋਗਰਾਜ ਜਲੋਟਾ ਵੱਲੋਂ ‘ਪਰਫੈਕਟ ਪ੍ਰਭਾਤ ਨਿਊਜ਼’ ਚੈਨਲ ਦਾ ਸ਼ਾਨਦਾਰ ਉਦਘਾਟਨ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਦਿੱਤੀਆਂ ਵਧਾਈਆਂ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਅੱਜ ਯੋਗਰਾਜ ਜਲੋਟਾ ਜੀ ਵੱਲੋਂ ਆਪਣੇ ਨਵੇਂ ਨਿਊਜ਼ ਚੈਨਲ ‘ਪਰਫੈਕਟ ਪ੍ਰਭਾਤ ਨਿਊਜ਼’ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ’ਤੇ ਪਰਿਵਾਰਕ ਮੈਂਬਰਾਂ, ਮੀਡੀਆ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ, ਸਮਾਜ ਸੇਵੀਆਂ ਅਤੇ ਧਾਰਮਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੇ ਪਹੁੰਚ ਕੇ ਯੋਗਰਾਜ ਜਲੋਟਾ ਅਤੇ ਸਮੂਹ ਜਲੋਟਾ ਪਰਿਵਾਰ ਨੂੰ ਨਵੇਂ ਉਪਰਾਲੇ ਲਈ ਦਿਲੋਂ ਵਧਾਈਆਂ ਦਿੱਤੀਆਂ ਅਤੇ ਚੈਨਲ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

                                                                   

ਇਸ ਵਿਸ਼ੇਸ਼ ਮੌਕੇ ’ਤੇ ਸ. ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਲੀਡਰ ਆਫ਼ ਅਪੋਜ਼ੀਸ਼ਨ, ਨਗਰ ਨਿਗਮ ਜਲੰਧਰ, ਅਤੇ ਸ. ਅਮਰਪ੍ਰੀਤ ਸਿੰਘ ਰਿੰਕੂ, ਚੀਫ਼ ਐਡੀਟਰ, ਵੈਲਕਮ ਪੰਜਾਬ ਨਿਊਜ਼, ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਦੋਵਾਂ ਨੇ ਨਵੇਂ ਨਿਊਜ਼ ਚੈਨਲ ਦੀ ਸ਼ੁਰੂਆਤ ਮੌਕੇ ਯੋਗਰਾਜ ਜਲੋਟਾ ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ‘ਪਰਫੈਕਟ ਪ੍ਰਭਾਤ ਨਿਊਜ਼’ ਨਿਰਪੱਖ, ਸੱਚੀ ਅਤੇ ਲੋਕਾਂ ਦੀ ਆਵਾਜ਼ ਬਣ ਕੇ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰੇਗਾ।

ਇਸ ਮੌਕੇ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਵੱਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ। ਉਨ੍ਹਾਂ ਨੇ ਯੋਗਰਾਜ ਜਲੋਟਾ ਅਤੇ ਸਮੂਹ ਜਲੋਟਾ ਪਰਿਵਾਰ ਨੂੰ ਨਵੇਂ ਨਿਊਜ਼ ਚੈਨਲ ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ ਅਤੇ ਚੈਨਲ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੰਤ ਨਿਰੰਜਨ ਦਾਸ ਜੀ ਦੀ ਹਾਜ਼ਰੀ ਨੇ ਇਸ ਸਮਾਗਮ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਸ. ਮਨਜੀਤ ਸਿੰਘ ਟੀਟੂ ਜੀ ਨੇ ਯੋਗਰਾਜ ਜਲੋਟਾ ਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬਹੁਤ ਹੀ ਨੇਕ ਸੁਭਾਅ ਦੇ ਇਨਸਾਨ ਹਨ ਅਤੇ ਹਰ ਵਰਗ ਦੇ ਲੋਕਾਂ ਨਾਲ ਪਿਆਰ ਅਤੇ ਸਤਿਕਾਰ ਨਾਲ ਮਿਲਦੇ ਹਨ। ਉਨ੍ਹਾਂ ਕਿਹਾ ਕਿ ਯੋਗਰਾਜ ਜਲੋਟਾ ਜੀ ਦਾ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਨਾਲ ਵੀ ਡੂੰਘਾ ਜੁੜਾਅ ਹੈ ਅਤੇ ਉਹ ਮੰਦਰ ਹੋਵੇ ਜਾਂ ਗੁਰਦੁਆਰਾ ਸਾਹਿਬ, ਹਰ ਥਾਂ ਸੇਵਾ ਨੂੰ ਪੂਰੀ ਸ਼ਰਧਾ ਅਤੇ ਖੂਬੀ ਨਾਲ ਨਿਭਾਉਂਦੇ ਹਨ।

ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਯੋਗਰਾਜ ਜਲੋਟਾ ਜੀ ਨੂੰ ਨਿਊਜ਼ ਅਤੇ ਮੀਡੀਆ ਦੇ ਖੇਤਰ ਦੀ ਵੀ ਚੰਗੀ ਸਮਝ ਹੈ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ, ਸਮਾਜਿਕ ਮੁੱਦਿਆਂ ਅਤੇ ਜਨਤਾ ਨਾਲ ਜੁੜੇ ਮਾਮਲਿਆਂ ਨੂੰ ਨੇੜਿਓਂ ਸਮਝਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ‘ਪਰਫੈਕਟ ਪ੍ਰਭਾਤ ਨਿਊਜ਼’ ਆਉਣ ਵਾਲੇ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦਿਆਂ ਆਮ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਦਾ ਕੰਮ ਕਰੇਗਾ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਲੋਕਾਂ ਤੱਕ ਸਹੀ ਅਤੇ ਤੱਥਾਂ ’ਤੇ ਆਧਾਰਿਤ ਖ਼ਬਰ ਪਹੁੰਚਾਉਣਾ, ਲੋਕਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨਾ ਅਤੇ ਸਮਾਜ ਦੇ ਹਰ ਵਰਗ ਦੀ ਆਵਾਜ਼ ਨੂੰ ਮੰਚ ਦੇਣਾ ਪੱਤਰਕਾਰੀ ਦਾ ਅਹਿਮ ਫਰਜ਼ ਹੈ। ਉਨ੍ਹਾਂ ਉਮੀਦ ਜਤਾਈ ਕਿ ‘ਪਰਫੈਕਟ ਪ੍ਰਭਾਤ ਨਿਊਜ਼’ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਏਗਾ। ਸ. ਅਮਰਪ੍ਰੀਤ ਸਿੰਘ ਰਿੰਕੂ ਨੇ ਵੀ ਯੋਗਰਾਜ ਜਲੋਟਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਵੇਂ ਨਿਊਜ਼ ਚੈਨਲ ਦੀ ਸ਼ੁਰੂਆਤ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਨਵੇਂ ਮੀਡੀਆ ਪਲੇਟਫਾਰਮ ਦਾ ਸ਼ੁਰੂ ਹੋਣਾ ਆਪਣੇ ਆਪ ਵਿੱਚ ਇੱਕ ਵੱਡਾ ਉਪਰਾਲਾ ਹੈ ਅਤੇ ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕਾਂ ਤੱਕ ਖ਼ਬਰਾਂ ਤੇਜ਼ੀ ਨਾਲ ਅਤੇ ਸਹੀ ਢੰਗ ਨਾਲ ਪਹੁੰਚਾਉਣ ਲਈ ਅਜਿਹੇ ਪਲੇਟਫਾਰਮਾਂ ਦੀ ਅਹਿਮ ਭੂਮਿਕਾ ਹੈ।

ਉਨ੍ਹਾਂ ਕਿਹਾ ਕਿ ‘ਪਰਫੈਕਟ ਪ੍ਰਭਾਤ ਨਿਊਜ਼’ ਰਾਹੀਂ ਲੋਕਾਂ ਨਾਲ ਸਬੰਧਤ ਮੁੱਦਿਆਂ, ਸਮਾਜਿਕ ਸਰੋਕਾਰਾਂ, ਧਾਰਮਿਕ ਗਤੀਵਿਧੀਆਂ, ਲੋਕਲ ਖ਼ਬਰਾਂ ਅਤੇ ਦੇਸ਼-ਦੁਨੀਆ ਨਾਲ ਸਬੰਧਤ ਮਹੱਤਵਪੂਰਨ ਖ਼ਬਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਸਮਾਗਮ ਵਿੱਚ ਸੁਸ਼ੀਲ ਰਿੰਕੂ (ਮੀਤ ਪ੍ਰਧਾਨ, ਭਾਜਪਾ ਪੰਜਾਬ), ਸ਼ੀਤਲ ਅੰਗੁਰਾਲ (ਐੱਸ.ਸੀ. ਮੋਰਚਾ ਪ੍ਰਧਾਨ, ਭਾਜਪਾ ਪੰਜਾਬ), ਕੇ.ਡੀ. ਭੰਡਾਰੀ (ਸਾਬਕਾ ਵਿਧਾਇਕ, ਜਲੰਧਰ ਨਾਰਥ), ਰਾਜੀਵ ਢੀਂਗਰਾ,ਇੰਦਰਜੀਤ ਸਿੰਘ ਬੱਬਰ, ਦਵਿੰਦਰ ਗੋਲਾ, ਵਿਪਨ ਆਨੰਦ, ਹਰਜੀਤ ਸਿੰਘ ਬਾਬਾ, ਪ੍ਰਿਤਪਾਲ ਸਿੰਘ ਲੱਕੀ, ਗੁਰਸ਼ਰਨ ਸਿੰਘ ਸ਼ੰਨੂ, ਗਗਨ ਨਾਰੰਗ, ਜੋਤੀ ਟੰਡਨ, ਸੋਨੂੰ ਬਾਬਾ, ਨੰਦਾ ਜੀ, ਗੋਰੀ ਪਟਾਕਾ , ਸਨੀ ਟੈਂਟ ਅਤੇ ਅਰਸ਼ਦੀਪ ਸਿੰਘ ਕਾਲੜਾ ਪਹੁੰਚੇ ਹੋਰ ਮਹਿਮਾਨਾਂ ਨੇ ਵੀ ਯੋਗਰਾਜ ਜਲੋਟਾ ਜੀ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਨਵਾਂ ਮੀਡੀਆ ਪਲੇਟਫਾਰਮ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰੇ।

ਸਮਾਗਮ ਦੌਰਾਨ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਹਾਜ਼ਰ ਸ਼ਖ਼ਸੀਅਤਾਂ ਨੇ ਜਲੋਟਾ ਪਰਿਵਾਰ ਨਾਲ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਯੋਗਰਾਜ ਜਲੋਟਾ ਜੀ ਵੱਲੋਂ ਸ਼ੁਰੂ ਕੀਤਾ ਗਿਆ ‘ਪਰਫੈਕਟ ਪ੍ਰਭਾਤ ਨਿਊਜ਼’ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਦਾ ਸੰਕਲਪ ਲੈ ਕੇ ਅੱਗੇ ਵਧੇਗਾ।