
Skip to content
ਜਲੰਧਰ (ਅਮਰਪ੍ਰੀਤ ਸਿੰਘ) : ਪਤੰਗਾਂ ਦੇ ਮੌਸਮ ਦੌਰਾਨ ਚਾਈਨਾ ਡੋਰ ਦੀ ਵੱਧ ਰਹੀ ਵਰਤੋਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦੇ ਹੋਏ ਲੱਖਾ ਸਿੰਘ, ਸਾਬਕਾ ਮੈਂਬਰ ਕਮਿਸ਼ਨ ਪੰਜਾਬ ਸਰਕਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੀ ਖਰੀਦ-ਫਰੋਖ਼ਤ ਅਤੇ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾਵੇ।ਉਹਨਾਂ ਕਿਹਾ ਕਿ ਚਾਈਨਾ ਡੋਰ ਕਾਰਨ ਹਰ ਸਾਲ ਕਈ ਮਾਸੂਮ ਬੱਚੇ, ਨੌਜਵਾਨ, ਰਾਹਗੀਰ ਅਤੇ ਪੰਛੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜੋ ਬਹੁਤ ਹੀ ਦੁਖਦਾਈ ਹੈ। ਲੱਖਾ ਸਿੰਘ ਨੇ ਸੁਝਾਅ ਦਿੱਤਾ ਕਿ ਡਰੋਨਾਂ ਦੇ ਜ਼ਰੀਏ ਇਹ ਪਤਾ ਲਗਾਇਆ ਜਾਵੇ ਕਿ ਕਿਹੜੇ ਇਲਾਕਿਆਂ ਵਿੱਚ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਿਹੜੇ ਦੁਕਾਨਦਾਰ ਇਹ ਖ਼ਤਰਨਾਕ ਡੋਰ ਵੇਚ ਰਹੇ ਹਨ।ਉਹਨਾਂ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ‘ਤੇ ਜੇਲ੍ਹ ਦੀ ਸਜ਼ਾ ਵੀ ਦਿੱਤੀ ਜਾਵੇ। ਇਸਦੇ ਨਾਲ ਹੀ ਚਾਈਨਾ ਡੋਰ ਵਰਤਣ ਵਾਲੇ ਵਿਅਕਤੀ ਨੂੰ ਘੱਟੋ-ਘੱਟ 25 ਹਜ਼ਾਰ ਰੁਪਏ ਜੁਰਮਾਨਾ ਜਾਂ ਛੇ ਮਹੀਨੇ ਦੀ ਕੈਦ, ਦੋਨਾਂ ਵਿੱਚੋਂ ਇੱਕ ਸਜ਼ਾ ਲਾਜ਼ਮੀ ਹੋਣੀ ਚਾਹੀਦੀ ਹੈ।ਲੱਖਾ ਸਿੰਘ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਸਖ਼ਤੀ ਨਹੀਂ ਦਿਖਾਉਂਦਾ, ਤਦ ਤੱਕ ਇਸ ਤਰ੍ਹਾਂ ਦੇ ਹਾਦਸੇ ਰੁਕਣ ਵਾਲੇ ਨਹੀਂ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਤੋਂ ਰੋਕਿਆ ਜਾਵੇ ਅਤੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ ਇਸ ਦੀ ਵਿਕਰੀ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ।ਉਹਨਾਂ ਕਿਹਾ ਕਿ ਜੇ ਕਿਸੇ ਵੀ ਸਟੋਰ ਵਿੱਚ ਚਾਈਨਾ ਡੋਰ ਸਟੋਰ ਕਰਕੇ ਰੱਖੀ ਗਈ ਹੋਵੇ ਅਤੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਸ ‘ਤੇ ਤੁਰੰਤ ਰੋਕ ਲਗਾਈ ਜਾਵੇ, ਤਾਂ ਜੋ ਹੋਣ ਵਾਲੇ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕੇ। ਖ਼ਾਸ ਤੌਰ ‘ਤੇ ਉਹਨਾਂ ਪੰਛੀਆਂ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਜੋ ਅਕਸਰ ਚਾਈਨਾ ਡੋਰ ਵਿੱਚ ਫਸ ਕੇ ਮਰ ਜਾਂਦੇ ਹਨ।ਅੰਤ ਵਿੱਚ ਲੱਖਾ ਸਿੰਘ ਨੇ ਸਮੂਹ ਮਹੱਲਾ ਨਿਵਾਸੀਆਂ ਅਤੇ ਖ਼ਾਸ ਕਰਕੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ, ਤਾਂ ਜੋ ਆਉਣ ਵਾਲੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।Related