
Skip to content
ਜਲੰਧਰ (ਜੀਵਨ ਜਯੋਤੀ ਟੰਡਨ) : ਗੁਰਦੁਆਰਾ ਆਸਾ ਪੂਰਨ ਦਿਆਲ ਨਗਰ (ਰਜਿ.) ਅਤੇ ਗੁਰੂ ਰਾਮਦਾਸ ਸੇਵਾ ਸੁਸਾਇਟੀ (ਰਜਿ.) ਦੇ ਸਹਿਯੋਗ ਨਾਲ ਚਾਵਲਾ ਪਰਿਵਾਰ ਵੱਲੋਂ ਸਰਬਤ ਦੇ ਭਲੇ ਦੀ ਕਾਮਨਾ ਲਈ ਇਕ ਮਹਾਨ ਕੀਰਤਨ ਦਰਬਾਰ ਮਿਤੀ 16 ਫਰਵਰੀ 2026, ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 11:30 ਵਜੇ ਤਕ ਦਿਆਲ ਨਗਰ ਚੌਂਕ, ਸ਼ਹਿਨਾਈ ਪੈਲਸ ਰੋਡ, ਜਲੰਧਰ ਵਿਖੇ ਖੁੱਲੇ ਪੰਡਾਲ ਵਿੱਚ ਬੜੀ ਸ਼ਰਧਾ ਅਤੇ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪਾਵਨ ਸਮਾਗਮ ਦੇ ਸੰਦਰਭ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ.ਗੁਰਮੀਤ ਸਿੰਘ ਚਾਵਲਾ ਵੱਲੋਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਵਿਸ਼ੇਸ਼ ਤੌਰ ‘ਤੇ ਨਿਮੰਤਰਣ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਕੁਲਜੀਤ ਸਿੰਘ ਚਾਵਲਾ,ਦਿਲਜੋਤ ਸਿੰਘ ਚਾਵਲਾ, ਨਿਰਵੈਰ ਸਿੰਘ ਸਾਜਨ, ਚਰਨਜੀਤ ਸਿੰਘ ਚਾਵਲਾ,ਸੁਰਿੰਦਰ ਸ਼ਰਮਾ, ਮਨਵਿੰਦਰ ਸਿੰਘ ਨਿਹੰਗ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਹਾਜ਼ਰ ਸਨ। ਕੀਰਤਨ ਦਰਬਾਰ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਜਗਜੀਤ ਸਿੰਘ ਜੀ ਬਬੀਹਾ (ਦਿੱਲੀ ਵਾਲੇ), ਭਾਈ ਅਮਰਜੀਤ ਸਿੰਘ ਜੀ (ਪਟਿਆਲੇ ਵਾਲੇ), ਭਾਈ ਹਰਜਿੰਦਰ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਅਤੇ ਕੁਲਜੀਤ ਸਿੰਘ ਚਾਵਲਾ ਆਦਿ ਰਾਗੀ ਜਥੇ ਆਪਣੀ ਮਧੁਰ ਬਾਣੀ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮਾਗਮ ਦੌਰਾਨ ਵੱਖ-ਵੱਖ ਸੇਵਾਵਾਂ ਵੀ ਨਿਭਾਈਆਂ ਜਾਣਗੀਆਂ। ਜਲ ਸੇਵਾ ਗੁਰੂ ਰਾਮਦਾਸ ਜਲ ਸੇਵਾ ਸੋਸਾਇਟੀ ਵੱਲੋਂ, ਜੋੜਿਆਂ ਦੀ ਸੇਵਾ ਭਾਈ ਘਨਈਆ ਜੀ ਸੇਵਕ ਦਲ ਵੱਲੋਂ, ਸਾਈਕਲ ਅਤੇ ਸਕੂਟਰਾਂ ਦੀ ਸੇਵਾ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਅਤੇ ਲੰਗਰ ਵਰਤਾਉਣ ਦੀ ਸੇਵਾ ਸ਼ਹੀਦ ਬਾਬਾ ਨਿਹਾਲ ਸਿੰਘ ਸੇਵਾ ਸੁਸਾਇਟੀ ਤਲ੍ਹਣ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਚਾਵਲਾ ਪਰਿਵਾਰ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਇਸ ਪਾਵਨ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।Related