Skip to content
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਥਾਣਾ ਰਾਮਦਾਸ ਦੀ ਪੁਲਿਸ ਅਤੇ ਸੀਆਈਏ ਸਟਾਫ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਨੌਜਵਾਨ ਦੀ ਪਹਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਤੋਂ ਤਿੰਨ ਕਿਲੋ ਹੀਰੋਇਨ, ਦੋ ਪਿਸਤੌਲ ਅਤੇ 100 ਜਿੰਦੇ ਰੌਂਦ ਬਰਾਮਦ ਕੀਤੇ ਹਨ।
ਐੱਸਪੀ ਦਿਹਾਤੀ ਅਦਿਤਿਆ ਵਾਰਿਅਰ ਨੇ ਮੀਡੀਆ ਨੂੰ ਦੱਸਿਆ ਕਿ ਗੁਰਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਤਸਕਰ ਬਿੱਟੂ ਚਾਚਾ ਨਾਲ ਸੰਪਰਕ ਵਿੱਚ ਸੀ ਅਤੇ ਉਹਨਾਂ ਤੋਂ ਹੁਣ ਤੱਕ ਦੋ ਵੱਡੀਆਂ ਖੇਪਾਂ ਭਾਰਤ ਮੰਗਵਾ ਚੁੱਕਾ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਵਾਨ ਪਿੰਡ ਦੇ ਨੇੜੇ ਉਸਨੇ ਇਹ ਪਿਸਤੌਲ ਚੁੱਕੇ ਸਨ। ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ। ਗ੍ਰਿਫ਼ਤਾਰ ਮੁਲਜ਼ਮ ਦਾ ਹਵਾਲਾ ਨੈੱਟਵਰਕ ਨਾਲ ਵੀ ਸੰਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕਰਕੇ ਉਸਦੇ ਸਾਰੇ ਨੈੱਟਵਰਕ ਅਤੇ ਅਸਲੀ ਮਾਸਟਰਮਾਈਂਡ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਦੀਪ ਸਿੰਘ ਪਹਿਲਾਂ ਮਲੇਸ਼ੀਆ ਵਿੱਚ ਰਹਿੰਦਾ ਸੀ ਅਤੇ 2024 ਵਿੱਚ ਵਾਪਸ ਭਾਰਤ ਆ ਕੇ ਖੇਤੀਬਾੜੀ ਕਰਨ ਲੱਗ ਪਿਆ ਸੀ। ਪਰ ਉਸਨੇ ਭੋਲੇ-ਭਾਲੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਇਆ ਅਤੇ ਉਹਨਾਂ ਤੋਂ ਗੈਰ-ਕਾਨੂੰਨੀ ਕੰਮ ਕਰਵਾਉਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਹੋਰ ਨੌਜਵਾਨ ਇਸ ਜਾਲ ਵਿੱਚ ਨਾ ਫਸਣ।
Related