ਫਿਰੋਜ਼ਪੁਰ ( ਜਤਿੰਦਰ ਪਿੰਕਲ ) ਜਿੱਥੇ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦਾ ਦੌਰਾ ਕਰਕੇ ਹੜਾਂ ਦੀ ਸਥਿਤੀ ਦੀ ਜਾਣਕਾਰੀ ਲੈ ਰਹੇ ਹਨ। ਉੱਥੇ ਹੀ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਵਫਦ ਨਾਲ ਇੱਕ ਹੰਗਾਮੀ ਮੀਟਿੰਗ ਦਿੱਲੀ ਵਿੱਚ ਕੀਤੀ ਗਈ ਤਾਂ ਜੋ ਪੰਜਾਬ ਵਿੱਚ ਹੜਾਂ ਦੀ ਤਬਾਹੀ ਕਾਰਨ ਹੋਏ ਨੁਕਸਾਨ ਦੀਆਂ ਰਿਪੋਰਟਾਂ ਬਣਾ ਕੇ ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇਣ ਲਈ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ । ਜਿਸ ਵਿੱਚ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਮਾਲਵੇ ਦੇ ਹੜ ਪ੍ਰਭਾਵਿਤ ਜਿਲਿਆਂ ਦੀ ਨੁਮਾਇੰਦਗੀ ਲਈ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਉੱਗੇ ਸਮਾਜ ਸੇਵੀ ਦਲਜੀਤ ਸਿੰਘ ਮਹਾਲਮ ਨੂੰ ਸੱਦਾ ਪੱਤਰ ਭੇਜਿਆ ਗਿਆ ਜੋ ਕਿ ਪਹਿਲੇ ਦਿਨ ਤੋਂ ਹੀ ਹੜਾਂ ਵਿੱਚ ਡੁੱਬੇ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਮੈਡੀਕਲ ਸਹੂਲਤਾਂ ਮੁਹਈਆ ਕਰਵਾ ਰਹੇ ਹਨ। ਮੀਟਿੰਗ ਵਿੱਚ ਬੋਲਣ ਵਾਲੇ ਚਾਰ ਬੁਲਾਰਿਆਂ ਵਿੱਚੋਂ ਸਭ ਤੋਂ ਪਹਿਲਾਂ ਬੋਲਦਿਆਂ ਫਿਰੋਜ਼ਪੁਰ ਅਤੇ ਤਰਨ ਤਾਰਨ ਜਿਲਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਕੋਲ ਰੱਖੀਆਂ ਜਿਸ ਵਿੱਚ ਉਹ ਗਰਾਊਂਡ ਲੈਵਲ ਤੇ ਸੇਵਾ ਨਿਭਾ ਰਹੇ ਹਨ। ਹਰੀ ਕੇ ਹੈਡ ਦੇ ਕੰਢੇ ਤੇ ਵਸਿਆ ਪਿੰਡ ਮਰੜ ਜਿੱਥੇ ਦੋਹਾਂ ਦਰਿਆਵਾਂ ਸਤਲੁਜ ਅਤੇ ਬਿਆਸ ਦਾ ਸੁਮੇਲ ਹੁੰਦਾ ਹੈ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਪਿੰਡ ਨੂੰ ਢਾਹ ਲਾਈ ਅਤੇ ਬਹੁਤ ਸਾਰੀ ਜਮੀਨ ਆਪਣੇ ਅੰਦਰ ਸਮੋ ਲਈ ਜਿੱਥੇ ਪਿੰਡ ਵਾਸੀਆਂ ਨੂੰ ਬਚਾਉਣ ਲਈ ਫੌਜ ਦਾ ਸਹਾਰਾ ਵੀ ਲੈਣਾ ਪਿਆ, ਸਮਾਜਿਕ ਧਾਰਮਿਕ ਅਤੇ ਮਹਿੰਗੀ ਮਸ਼ੀਨਰੀ ਦੀ ਸਹਾਇਤਾ ਨਾਲ ਪਿੰਡ ਤਾਂ ਬਚਾ ਲਿਆ ਗਿਆ ਪਰ ਜਮੀਨ ਦਾ ਕੋਈ ਨਿਸ਼ਾਨ ਨਹੀਂ ਬਚਿਆ, ਛੋਟੇ ਜ਼ਿਮੀਦਾਰਾਂ ਦੇ ਮੁੜ ਵਸੇਬੇ ਲਈ ਸਰਦਾਰ ਸਿੱਧੂ ਨੇ ਸੈਂਟਰ ਸਰਕਾਰ ਤੋਂ ਗੁਹਾਰ ਲਾਈ ਕੇ ਜੋ ਜਮੀਨ ਵਿੱਚ ਹੁਣ ਦਰਿਆ ਵਹਿਣਾ ਸ਼ੁਰੂ ਹੋ ਗਿਆ ਹੈ ਉਸ ਨੂੰ ਸਰਕਾਰੀ ਪ੍ਰਾਪਰਟੀ ਐਲਾਨ ਕੇ ਪ੍ਰਭਾਵਿਤ ਲੋਕਾਂ ਨੂੰ ਜਮੀਨਾਂ ਦਿੱਤੀਆਂ ਜਾਣ ਅਤੇ ਨਾਲ ਹੀ ਉਹਨਾਂ ਪਰਿਵਾਰਾਂ ਦੇ ਇੱਕ ਜੀ ਨੂੰ ਕਾਬਲੀਅਤ ਦੇ ਹਿਸਾਬ ਨਾਲ ਨੌਕਰੀ ਦਿੱਤੀ ਜਾਵੇ। ਦਲਜੀਤ ਸਿੰਘ ਸਿੱਧੂ ਨੇ ਆਪਣੇ ਟਾਈਮ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਤਕਰੀਬਨ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਹਨ ਜਿਨਾਂ ਦੇ ਨੁਕਸਾਨ ਨੂੰ ਦੇਖਦਿਆਂ ਹੋਇਆਂ ਕੇਂਦਰ ਵੱਡਾ ਦਿਲ ਕਰੇ ਹਰ ਇੱਕ ਕਿਸਾਨ ਨੂੰ ਘੱਟੋ ਘੱਟ 50 ਹਜਾਰ ਰੁਪਈਆ ਪ੍ਰਤੀ ਏਕੜ ਮੁਆਵਜ਼ਾ, ਅਤੇ ਪਸ਼ੂ ਧਨ ਦਾ ਮੁਆਵਜਾ, ਅਵਾਸ ਯੋਜਨਾ ਤਹਿਤ ਨੁਕਸਾਨੇ ਘਰਾਂ ਨੂੰ ਰਾਸ਼ੀ ਜਾਰੀ ਕਰਨ, ਜਮੀਨਾਂ ਪੱਧਰ ਕਰਨ ਲਈ ਘੱਟ ਰੇਟ ਤੇ ਡੀਜ਼ਲ ਉਪਲਬਧ ਕਰਨ, ਲਈ ਵਿਸ਼ੇਸ਼ ਪੈਕਜ ਦਾ ਐਲਾਨ ਕਰਨ। ਇਸ ਮੌਕੇ ਜਿਥੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਆਈਆਂ ਹੋਈਆਂ ਜਥੇਬੰਦੀਆਂ ਦਾ ਨਿੱਘਾ ਸਵਾਗਤ ਕੀਤਾ ਉੱਥੇ ਉਹਨਾਂ ਕਿਹਾ ਮੈਂ ਖੇਤੀਬਾੜੀ ਮੰਤਰੀ ਤੋਂ ਪਹਿਲਾਂ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਕੀਤੀ ਹੈ ਅਤੇ ਮੈਂ ਜਮੀਨ ਨਾਲ ਜੁੜਿਆ ਹੋਇਆ ਕਿਸਾਨ ਦਾ ਪੁੱਤ ਹਾਂ। ਹਮੇਸ਼ਾ ਪੰਜਾਬ ਦੇਸ਼ ਨਾਲ ਖੜਦਾ ਆਇਆ ਹੈ ਹੁਣ ਸਾਨੂੰ ਪੰਜਾਬ ਨਾਲ ਖੜਨ ਦੀ ਲੋੜ ਹੈ ਹੜਾਂ ਦੇ ਪਾਣੀਆਂ ਨੇ ਪੰਜਾਬ ਵਿੱਚ ਬਹੁਤ ਤਬਾਹੀ ਮਚਾਈ ਹੈ, ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਸ਼ੁਰੂ ਹੋਣਗੀਆਂ, ਇਹ ਸਾਰਾ ਮੰਜ਼ਰ ਮੈਂ ਪਿਛਲੇ ਦਿਨੀ ਆਪਣੀ ਪੰਜਾਬ ਫੇਰੀ ਵਿੱਚ ਦੇਖਿਆ ਹੈ। ਓਹਨਾਂ ਆਏ ਹੋਏ ਸਮਾਜਿਕ, ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਬਾਰੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਲਈ ਆਵਾਜ਼ ਉਠਾਉਣਗੇ।