ਜਲੰਧਰ (ਪਰਮਜੀਤ ਸਿੰਘ ਨੈਨਾ) -ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪਿਛਲੇ 10 ਦਿਨਾਂ ਤੋਂ ਜਾਰੀ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਰੌਣਕਾਂ ਸਹਿਤ ਸੰਪੂਰਨਤਾ ਹੋਈ। ਸਾਰਾ ਦਿਨ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਨਾਲ ਵਾਤਾਵਰਨ ਵਿਚੋਂ ਬਾਣੀ ਦੀ ਸੁਗੰਧੀ ਨਾਲ ਸੰਗਤਾਂ ਆਨੰਦਿਤ ਹੋ ਕੇ ਅਤੇ ਗੁਰੂ ਅਸਥਾਨ ਵਿਖੇ ਨਤਮਸਤਕ ਹੁੰਦੇ ਹੋਏ ਦੀਵਾਨ ਦਾ ਅਨੰਦ ਮਾਣ ਰਹੀਆਂ ਸਨ। ਅੰਮ੍ਰਿਤ ਵੇਲੇ ਤੋਂ ਸਜਾਏ ਗਏ ਦੀਵਾਨ ਵਿੱਚ ਭਾਈ ਮਹਿੰਦਰਪਾਲ ਸਿੰਘ-ਸੀਤਲ ਸਿੰਘ ਦੇ ਜੱਥੇ ਨੇ ਕੀਰਤਨ ਅਤੇ ਹੈੱਡ ਗ੍ਰੰਥੀ ਗਿਆਨੀ ਤਰਸੇਮ ਸਿੰਘ, ਗੁਲਜਿੰਦਰ ਸਿੰਘ ਚੰਬਾ ਅਤੇ ਕੁਲਵਿੰਦਰ ਸਿੰਘ ਆਦਿ ਕਥਾਵਾਚਕਾਂ ਨੇ ਗੁਰਮਤਿ ਵੀਚਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਦੁਪਹਿਰ ਦੇ ਦੀਵਾਨ ਵਿੱਚ ਭਾਈ ਹਜ਼ੂਰੀ ਰਾਗੀ ਭਾਈ ਹਰਭੇਜ ਸਿੰਘ ਸਠਿਆਲਾ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਬੀਬੀ ਤਜਿੰਦਰ ਕੌਰ ਦੇ ਜੱਥਿਆਂ ਨੇ ਕੀਰਤਨ ਦੀ ਵਰਖਾ ਕੀਤੀ। ਉਪਰੰਤ ਇਸੇ ਅਸਥਾਨ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਸੀਰ ਸਿੰਘ ਜੀ (ਜੋ ਕਿ ਪਿਛਲੇ ਕੁਝ ਸਾਲਾਂ ਤੋਂ ਸਿੰਗਾਪੁਰ ਵਿਖੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ) ਨੇ ਵਿਦਵਤਾ ਭਰਪੂਰ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਵਜ਼ੀਰ ਸ਼੍ਰੀ ਮਹਿੰਦਰ ਭਗਤ ਜੀ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਆਏ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਇਹ ਆਸ ਪ੍ਰਗਟ ਕੀਤੀ ਅਸੀਂ ਸਮੁੱਚੇ ਪੰਜਾਬੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਗੁਰਬਾਣੀ ਅਨੁਸਾਰ ਸ਼ਰਬਤ ਦੇ ਭਲੇ ਮਿਸ਼ਨ ਨੂੰ ਪ੍ਰਚਾਰਨ ਲਈ ਕਾਰਜ ਕਰਨ ਦਾ ਪ੍ਰਣ ਲਵਾਂਗੇ। ਗੁਰਦੁਆਰਾ ਸਾਹਿਬ ਵਲੋਂ ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ ਨੇ ਸ਼੍ਰੀ ਮਹਿੰਦਰ ਭਗਤ ਅਤੇ ਗਿਆਨੀ ਜਗਸੀਰ ਸਿੰਘ ਜੀ ਨੂੰ ਗੁਰੂ ਘਰ ਵਲੋਂ ਅਸੀਸਾਂ ਭਰਿਆ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਤੇ ਨਾਲ ਹੀ ਆਏ ਹੋਏ ਰਾਗੀ ਜੱਥਿਆਂ ਅਤੇ ਵਿਦਵਾਨ ਪ੍ਰਚਾਰਕਾਂ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸ੍ਰ ਬੇਅੰਤ ਸਿੰਘ ਸਰਹੱਦੀ ਜੀ ਨੇ ਵੀ ਅੱਜ ਦੇ ਦਿਨ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਆਪਣੇ ਵੱਡਮੁਲੇ ਵੀਚਾਰਾਂ ਸੰਗਤਾਂ ਨਾਲ ਸਾਂਝੇ ਕੀਤੇ। ਦੀਵਾਨ ਦਾ ਅਨੰਦ ਮਾਣਦੇ ਹੋਏ ਹੋਰਨਾਂ ਤੋਂ ਇਲਾਵਾ ਹਸਪਤਾਲ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਸ੍ਰ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਕੁਲਵੰਤਬੀਰ ਸਿੰਘ ਕਾਲੜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ, ਜਗਮੋਹਨ ਸਿੰਘ ਛਾਬੜਾ, ਅਮਨਦੀਪ ਸਿੰਘ ਭੋਲਾ ਛਾਬੜਾ, ਗੁਰਮੀਤ ਸਿੰਘ ਜਨਰਲ ਸਕੱਤਰ, ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜਾਨਚੀ, ਬਾਬਾ ਨਰਿੰਦਰਪਾਲ ਸਿੰਘ ਮਾਲੂਵਾਲ ਵਾਲੇ, ਚਰਨਜੀਤ ਸਿੰਘ ਸਰਾਫ, ਅਕਾਲੀ ਰਛਪਾਲ ਸਿੰਘ, ਬਲਵਿੰਦਰ ਸਿੰਘ ਸਰਾਫ, ਬਲਵਿੰਦਰ ਸਿੰਘ ਹੇਅਰ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਸੁਰਿੰਦਰ ਸਿੰਘ ਸਿਆਲ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਬਵੇਜਾ, ਹਰਬੰਸ ਸਿੰਘ ਫੋਨ ਵਿਭਾਗ, ਬਿਸ਼ਨ ਸਿੰਘ, ਜਸਬੀਰ ਸਿੰਘ ਸੇਠੀ ਆਦਿ ਪਤਵੰਤੇ ਹਾਜਰ ਸਨ। ਦੁਪਹਿਰ ਦੇ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਰਾਤ ਦੇ ਦੀਵਾਨ ਵਿਚ ਭਾਈ ਗੁਰਜਿੰਦਰ ਸਿੰਘ ਜੀ ਨੇ ਕਥਾ ਵੀਚਾਰਾਂ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੱਥਿਆਂ ਤੋਂ ਭਾਈ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਵਜੀਤ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਸਮਾਪਤੀ ਉਪਰੰਤ ਸੰਗਤਾਂ ਨੂੰ ਦੁੱਧ ਮਠਿਆਈ ਦੇ ਲੰਗਰ ਛਕਾਏ ਗਏ।