ਜਲੰਧਰ, (ਪੁਨੀਸ਼ ਅਰੋੜਾ) : ਸੋਸ਼ਲ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਅੱਜ 6 ਨਵੰਬਰ 2025 (ਵੀਰਵਾਰ) ਨੂੰ ਦੇਸ਼ ਭਗਤ ਯਾਦਗਾਰ ਹਾਲ, ਬੀਐਮਸੀ ਚੌਂਕ, ਜਲੰਧਰ ਵਿਖੇ ਆਪਣੇ ਗੋਲਡਨ ਜੁਬਲੀ ਸਮਾਰੋਹ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਹ ਗੋਲਡਨ ਜੁਬਲੀ ਸਮਾਰੋਹ ਅਤੇ ਵਿਦਿਅਕ ਉੱਤਮਤਾ ਦੇ 50 ਸਾਲਾਂ ਦੀ ਯਾਦ ਵਿੱਚ ਕਰਵਾਇਆ ਗਿਆ । ਇਸ ਪਾਵਨ ਮੌਕੇ ‘ਤੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਬੰਧਕ ਮੰਡਲ ਵੱਲੋਂ ਉਨ੍ਹਾਂ ਦਾ ਸ਼ਾਲ, ਸਰੋਪਾ ਅਤੇ ਸਨਮਾਨ ਪੱਤਰ ਭੇਂਟ ਕਰਕੇ ਤਹਿ ਦਿਲੋਂ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਗਰੁੱਪ ਦੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਸ. ਮਨਜੀਤ ਸਿੰਘ ਟੀਟੂ ਹਮੇਸ਼ਾਂ ਸੰਸਥਾ ਨਾਲ ਜੁੜੇ ਰਹੇ ਹਨ — “ਜਦੋਂ ਇਹ ਰਾਜਨੀਤੀ ਵਿੱਚ ਨਹੀਂ ਸਨ, ਤਦੋਂ ਵੀ ਸਾਡੇ ਨਾਲ ਖੜੇ ਰਹਿੰਦੇ ਸਨ ਅਤੇ ਜਰੂਰਤ ਪੈਣ ’ਤੇ ਹਰ ਸੰਭਵ ਮਦਦ ਕਰਦੇ ਸਨ।” ਸੰਬੋਧਨ ਕਰਦਿਆਂ ਸ. ਮਨਜੀਤ ਸਿੰਘ ਟੀਟੂ ਜੀ ਨੇ ਕਿਹਾ ਕਿ ਇਹ ਗੋਲਡਨ ਜੁਬਲੀ ਜਸ਼ਨ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਸਕੂਲ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਸਿੱਖਿਆ, ਸਮਰਪਣ ਅਤੇ ਪ੍ਰਗਤੀ ਦੇ 50 ਸਾਲਾਂ ਦੀ ਕਾਮਯਾਬ ਕਹਾਣੀ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਗਰੁੱਪ ਨੇ ਸ਼ਹਿਰ ਦੇ ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਨੇ ਨਾ ਸਿਰਫ਼ ਅਕਾਦਮਿਕ ਖੇਤਰ, ਸਗੋਂ ਸਮਾਜ ਸੇਵਾ ਅਤੇ ਪ੍ਰੋਫੈਸ਼ਨਲ ਜੀਵਨ ਵਿੱਚ ਵੀ ਖੂਬ ਨਾਮ ਕਮਾਇਆ ਹੈ। ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਗਿੱਧਾ, ਭੰਗੜਾ, ਕਵਿਤਾ ਪਾਠ ਅਤੇ ਨਾਟਕ ਰਾਹੀਂ ਪੰਜਾਬੀ ਸਭਿਆਚਾਰ ਦੀ ਸੁਗੰਧ ਹਾਲ ਵਿੱਚ ਮੋਹਕ ਤਰੀਕੇ ਨਾਲ ਵਿਖਰੀ। ਨਾਲ ਹੀ, ਸਾਲ ਭਰ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ, ਸਮਾਜ ਸੇਵੀ, ਸਿੱਖਿਆ ਪ੍ਰੇਮੀ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਮਾਰੋਹ ਦੇ ਅੰਤ ‘ਤੇ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।