
Skip to content

ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਾਵਨ ਮੌਕੇ ’ਤੇ ਭਗਵਾਨ ਵਾਲਮੀਕਿ ਸਭਾ (ਰਜਿ.) ਵੱਲੋਂ ਕੋਟ ਮੁਹੱਲਾ, ਬਸਤੀ ਸ਼ੇਖ, ਜਲੰਧਰ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਲਈ ਸੰਗਤ ਨੂੰ ਹਾਰਦਿਕ ਸੱਦਾ ਦਿੱਤਾ ਗਿਆ। ਇਸੇ ਤਹਿਤ ਸਭਾ ਦੇ ਨੁਮਾਇੰਦਿਆਂ ਵੱਲੋਂ ਸ. ਮਨਜੀਤ ਸਿੰਘ ਟੀਟੂ ਅਤੇ ਸ. ਅਮਰਪ੍ਰੀਤ ਸਿੰਘ ਰਿੰਕੂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ-ਪੱਤਰ ਭੇਟ ਕੀਤਾ ਗਿਆ।
ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਮਨੁੱਖਤਾ ਨੂੰ ਸੱਚ, ਧਰਮ, ਗਿਆਨ ਅਤੇ ਨੇਕੀ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਹੈ, ਜਿਸ ਕਰਕੇ ਉਨ੍ਹਾਂ ਦੇ ਪ੍ਰਗਟ ਦਿਵਸ ਦਾ ਵਿਸ਼ੇਸ਼ ਧਾਰਮਿਕ ਮਹੱਤਵ ਹੈ।
ਸਭਾ ਵੱਲੋਂ ਦੱਸਿਆ ਗਿਆ ਕਿ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ 23 ਅਕਤੂਬਰ ਨੂੰ ਦੁਪਹਿਰ 3 ਵਜੇ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਅੱਗੇ ਵਧੇਗੀ। ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਵੱਡੀ ਗਿਣਤੀ ਵਿੱਚ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਧਾਰਮਿਕ ਸਮਾਗਮ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ 26 ਅਕਤੂਬਰ ਦੀ ਰਾਤ ਨੂੰ ਮੰਦਰ ਦੇ ਬਾਹਰ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਪ੍ਰਬੰਧਕਾਂ ਅਨੁਸਾਰ ਸਮਾਗਮ ਦੀ ਸਮਾਪਤੀ ਉਪਰੰਤ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਵੇਗਾ।
ਸੱਦਾ-ਪੱਤਰ ਭੇਟ ਕਰਨ ਮੌਕੇ ਸਭਾ ਦੇ ਪ੍ਰਧਾਨ ਦਵਿੰਦਰ ਕੁਮਾਰ ਗੋਲਾ, ਰਾਕੇਸ਼ ਕੁਮਾਰ, ਸੁਖਦੇਵ ਸੁੱਖਾ, ਸੰਨੀ ਸ਼ਰਮਾ, ਕੰਨੂ ਪਾਠਕ, ਸੁਸ਼ੀਲ ਚੌਹਾਨ, ਅਮਿਤ ਅਰੋੜਾ ਅਤੇ ਅਸ਼ੋਕ ਚੌਹਾਨ ਸਮੇਤ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਮੂਹ ਸੰਗਤ ਆਪਣੇ ਪਰਿਵਾਰਾਂ ਅਤੇ ਸਾਥੀਆਂ ਸਮੇਤ ਸਮਾਗਮ ਵਿੱਚ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇ। ਉਨ੍ਹਾਂ ਸ. ਮਨਜੀਤ ਸਿੰਘ ਟੀਟੂ ਅਤੇ ਸ. ਅਮਰਪ੍ਰੀਤ ਸਿੰਘ ਰਿੰਕੂ ਨੂੰ ਵੀ ਆਪਣੀ ਪੂਰੀ ਟੀਮ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ।
ਸਭਾ ਦੇ ਮੈਂਬਰਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਵਲੋਂ: ਭਗਵਾਨ ਵਾਲਮੀਕਿ ਸਭਾ (ਰਜਿ.)

Related