
Skip to content

ਅਭਿਨਵ ਖੋਸਲਾ ਦੀ ਬਹਾਲੀ ਅਤੇ ਮਿਲਾਵਟਖੋਰਾਂ ਖ਼ਿਲਾਫ਼ ਬੁਲੰਦ ਹੋਵੇਗੀ ਆਵਾਜ਼ : ਗਾਮਾ ਸਿੱਧੂ
ਜਤਿੰਦਰ ਪਿੰਕਲ, ਫ਼ਿਰੋਜ਼ਪੁਰ: ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਦੀ ਮੁਅੱਤਲੀ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਫ਼ਿਰੋਜ਼ਪੁਰ ਛਾਉਣੀ ਦੀ ਚੁੰਗੀ ਨੰਬਰ 7 ’ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਸੜਕ ਜਾਮ ਕਰਕੇ ਅਭਿਨਵ ਖੋਸਲਾ ਦੀ ਤੁਰੰਤ ਬਹਾਲੀ ਅਤੇ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।
ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਦੀਆਂ ਕਿਸਾਨ ਯੂਨੀਅਨਾਂ, ਮੁਲਾਜ਼ਮ ਅਤੇ ਸਿੱਖਿਆ ਨਾਲ ਸਬੰਧਤ ਜਥੇਬੰਦੀਆਂ, ਵਪਾਰ ਮੰਡਲ, ਅਧਿਆਪਕਾਂ, ਸਿਹਤ ਵਿਭਾਗ ਨਾਲ ਜੁੜੀਆਂ ਯੂਨੀਅਨਾਂ, ਪ੍ਰੈੱਸ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਸ਼ਾਮਲ ਹੋਣਗੇ।
ਫ਼ਿਰੋਜ਼ਪੁਰ ਲੋਕ ਲਹਿਰ ਗਰੁੱਪ ਦੇ ਸੰਘਰਸ਼ ਕਨਵੀਨਰ ਗੁਰਨਾਮ ਸਿੱਧੂ ਗਾਮਾ ਅਤੇ ਰੋਹਿਤ ਅਰੋੜਾ ਨੇ ਜ਼ਿਲ੍ਹੇ ਦੇ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਨੇ ਦਾ ਮੁੱਖ ਮਕਸਦ ਮੁਅੱਤਲ ਕੀਤੇ ਗਏ ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਦੀ ਤੁਰੰਤ ਬਹਾਲੀ ਦੀ ਮੰਗ ਨੂੰ ਸਰਕਾਰ ਅਤੇ ਸਬੰਧਤ ਵਿਭਾਗ ਤੱਕ ਪਹੁੰਚਾਉਣਾ ਹੈ।
ਜਥੇਬੰਦੀਆਂ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਕਿਸਾਨ ਯੂਨੀਅਨਾਂ ਦੀਆਂ ਟਰਾਲੀਆਂ, ਹੋਰ ਵਾਹਨ ਅਤੇ ਆਟੋ ਯੂਨੀਅਨ ਦੇ ਮੈਂਬਰ ਵੀ ਸ਼ਾਮਲ ਹੋਣਗੇ। ਪ੍ਰਦਰਸ਼ਨਕਾਰੀਆਂ ਵੱਲੋਂ ਵਾਹਨ ਸੜਕ ’ਤੇ ਖੜ੍ਹੇ ਕਰਕੇ ਰੋਸ ਪ੍ਰਗਟਾਇਆ ਜਾਵੇਗਾ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਐਮਰਜੈਂਸੀ ਸੇਵਾਵਾਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।
ਐਂਬੂਲੈਂਸਾਂ, ਝੋਨਾ ਲੈ ਕੇ ਮੰਡੀਆਂ ਵੱਲ ਜਾ ਰਹੀਆਂ ਟਰਾਲੀਆਂ, ਵਿਆਹ ਸਮਾਗਮਾਂ ਨਾਲ ਸਬੰਧਤ ਪਰਿਵਾਰਾਂ ਅਤੇ ਹੋਰ ਐਮਰਜੈਂਸੀ ਵਾਲੇ ਵਾਹਨਾਂ ਨੂੰ ਲੰਘਣ ਲਈ ਰਸਤਾ ਦਿੱਤਾ ਜਾਵੇਗਾ। ਜਥੇਬੰਦੀਆਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ।
Related