Skip to content
ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਜੈ ਮਾਂ ਛਿੰਨਮਸਤਿਕਾ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਕੀਤਾ ਨਮਨ
ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਸ੍ਰਿਸ਼ਟੀਕਰਤਾ, ਮਹਾ ਤਪੱਸਵੀ ਅਤੇ ਰਮਾਇਣ ਦੇ ਰਚਨਹਾਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਵੱਖ-ਵੱਖ ਥਾਵਾਂ ’ਤੇ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਲਗਵਾਈ ਗਈ। ਇਸ ਮੌਕੇ ਸ. ਮਨਜੀਤ ਸਿੰਘ ਟੀਟੂ (ਕੌਂਸਲਰ ਵਾਰਡ ਨੰਬਰ 50 ਅਤੇ ਨੇਤਾ ਵਿਰੋਧੀ ਧਿਰ, ਨਗਰ ਨਿਗਮ ਜਲੰਧਰ) ਦੀ ਟੀਮ ਵੱਲੋਂ ਗੋਰੀਆ ਕੰਪਲੈਕਸ, ਬਸਤੀ ਸ਼ੇਖ ਅੱਡਾ ਤੇ ਦਵਿੰਦਰ ਕੁਮਾਰ ਗੋਲਾ ਜੀ ਵੱਲੋਂ ਕਰਵਾਏ ਗਏ ਸਮਾਗਮਾਂ ਵਿੱਚ ਹਾਜ਼ਰੀ ਲਗਵਾ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।
ਇਸ ਪਵਿੱਤਰ ਮੌਕੇ ’ਤੇ ਸ. ਅਮਰਪ੍ਰੀਤ ਸਿੰਘ ਰਿੰਕੂ ਨੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਵੱਲੋਂ ਰਚੀ ਗਈ ਰਮਾਇਣ ਸਾਨੂੰ ਜੀਵਨ ਜਿਊਣ ਦੀ ਸਹੀ ਜਾਚ ਸਿਖਾਉਂਦੀ ਹੈ ਅਤੇ ਮਨੁੱਖ ਨੂੰ ਬੁਰਾਈਆਂ ਦਾ ਤਿਆਗ ਕਰਕੇ ਨੇਕੀ, ਸੱਚਾਈ, ਸੇਵਾ ਅਤੇ ਮਾਨਵਤਾ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ।
ਸ. ਅਮਰਪ੍ਰੀਤ ਸਿੰਘ ਰਿੰਕੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਰਮਾਇਣ ਦੀ ਰਚਨਾ ਕਰਕੇ ਮਰਿਆਦਾ ਪ੍ਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਸਮੁੱਚੇ ਸੰਸਾਰ ਸਾਹਮਣੇ ਪੇਸ਼ ਕੀਤਾ। ਰਮਾਇਣ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਮਰਿਆਦਾ, ਸੱਚਾਈ, ਸੰਜਮ, ਫਰਜ਼ਾਂ ਦੀ ਪਾਲਣਾ ਅਤੇ ਦੂਜਿਆਂ ਪ੍ਰਤੀ ਸਤਿਕਾਰ ਨੂੰ ਮਹੱਤਵ ਦੇਣਾ ਚਾਹੀਦਾ ਹੈ। ਪ੍ਰਭੂ ਸ੍ਰੀ ਰਾਮ ਜੀ ਦਾ ਆਦਰਸ਼ ਜੀਵਨ ਮਨੁੱਖ ਨੂੰ ਸਹੀ ਰਸਤੇ ’ਤੇ ਚੱਲਣ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਇਹ ਵੀ ਸੰਦੇਸ਼ ਦਿੰਦੀਆਂ ਹਨ ਕਿ ਮਨੁੱਖ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਤਿਆਗ ਕੇ ਚੰਗੇ ਵਿਚਾਰਾਂ ਨੂੰ ਅਪਣਾਏ ਤਾਂ ਉਹ ਆਪਣੇ ਜੀਵਨ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰ ਸਕਦਾ ਹੈ। ਦ੍ਰਿੜ੍ਹ ਇਰਾਦੇ, ਮਿਹਨਤ ਅਤੇ ਸੱਚੀ ਲਗਨ ਨਾਲ ਹਰ ਔਖੇ ਕੰਮ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਸਾਨੂੰ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਕੇਵਲ ਸੁਣਨ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵੀ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਸੰਦੇਸ਼ ਕਿਸੇ ਇੱਕ ਵਰਗ ਜਾਂ ਸਮਾਜ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਭਾਈਚਾਰਾ, ਪਿਆਰ, ਸਦਭਾਵਨਾ ਅਤੇ ਸਮਾਜ ਵਿੱਚ ਮਿਲਜੁਲ ਕੇ ਰਹਿਣ ਦੀ ਪ੍ਰੇਰਨਾ ਦਿੰਦੀਆਂ ਹਨ। ਅੱਜ ਦੇ ਸਮੇਂ ਵਿੱਚ ਇਨ੍ਹਾਂ ਮਹਾਨ ਸਿੱਖਿਆਵਾਂ ਨੂੰ ਅਪਣਾਉਣਾ ਹੋਰ ਵੀ ਜ਼ਰੂਰੀ ਹੈ, ਤਾਂ ਜੋ ਸਮਾਜ ਵਿੱਚੋਂ ਨਫ਼ਰਤ ਅਤੇ ਬੁਰਾਈਆਂ ਨੂੰ ਦੂਰ ਕਰਕੇ ਇੱਕ ਚੰਗੇ ਅਤੇ ਸੁਖਾਵੇਂ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਜੈ ਮਾਂ ਛਿੰਨਮਸਤਿਕਾ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਵੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ. ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ , ਇੰਦਰ ਅਲੱਗ , ਪੱਪੂ ਪੰਡਿਤ ਜੀ, ਜੋਤੀ ਟੰਡਨ, ਸੰਜੂ ਅਬਰੋਲ , ਗੁਰਸ਼ਰਨ ਸਿੰਘ ਸ਼ੰਨੂ , ਰਿੰਪਾ ਜੀ, ਸੁਮਿਤ ਸ਼ਰਮਾ , ਸੁਨੀਲ ਸੋਂਧੀ, ਨੰਦਾ ਜੀ, ਸੋਨੂੰ ਬਾਬਾ, ਕਰਨਵੀਰ ਸਿੰਘ ਅਤੇ ਅਰਸ਼ਦੀਪ ਸਿੰਘ ਕਾਲੜਾ ਸਮੇਤ ਹੋਰ ਮੈਂਬਰਾਂ ਨੇ ਹਾਜ਼ਰੀ ਭਰੀ।
ਸਮੂਹ ਹਾਜ਼ਰ ਮੈਂਬਰਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸਮਾਜ ਵਿੱਚ ਪਿਆਰ, ਏਕਤਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਵਰਗੇ ਪਵਿੱਤਰ ਦਿਹਾੜੇ ਸਾਨੂੰ ਆਪਣੇ ਮਹਾਨ ਵਿਰਸੇ ਨਾਲ ਜੁੜਨ, ਮਹਾਨ ਗੁਰੂਆਂ ਅਤੇ ਮਹਾਪੁਰਖਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਨ੍ਹਾਂ ਨੂੰ ਪਹੁੰਚਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ।
ਅੰਤ ਵਿੱਚ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਅਤੇ ਸਮਾਜ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ।
Related