ਲੋਕਤੰਤਰ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਕੁਲਬੀਰ ਸਿੰਘ ਜ਼ੀਰਾ

ਫਿਰੋਜ਼ਪੁਰ, ਜਤਿੰਦਰ ਪਿੰਕਲ: ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦੀ ਵੋਟ ਸੁਰੱਖਿਅਤ ਹੋਣੀ ਅਤੇ ਚੋਣ ਪ੍ਰਕਿਰਿਆ ਦਾ ਪਾਰਦਰਸ਼ੀ ਤੇ ਨਿਰਪੱਖ ਹੋਣਾ ਬੇਹੱਦ ਜ਼ਰੂਰੀ ਹੈ। ਲੋਕਤੰਤਰ ਵਿੱਚ ਹਰੇਕ ਨਾਗਰਿਕ ਦੀ ਵੋਟ ਦਾ ਅਹਿਮ ਸਥਾਨ ਹੈ ਅਤੇ ਕਿਸੇ ਵੀ ਯੋਗ ਵੋਟਰ ਨੂੰ ਉਸ ਦੇ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਇਹ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਅਬਜ਼ਰਵਰ ਅਤੇ ਬਾੜਮੇਰ ਤੋਂ ਸੰਸਦ ਮੈਂਬਰ ਉਮੇਦਾਰਾਮ ਬੈਨੀਵਾਲ ਨੇ ਫਿਰੋਜ਼ਪੁਰ ਦੇ ਕਾਂਗਰਸ ਭਵਨ ਵਿਖੇ ‘ਵੋਟ ਚੋਰੀ’ ਦੇ ਮੁੱਦੇ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਉਮੇਦਾਰਾਮ ਬੈਨੀਵਾਲ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ‘ਵੋਟ ਬਚਾਓ–ਦੇਸ਼ ਬਚਾਓ’ ਮੁਹਿੰਮ ਦਾ ਮੁੱਖ ਉਦੇਸ਼ ਹਰ ਯੋਗ ਨਾਗਰਿਕ ਦੀ ਵੋਟ ਦੀ ਰੱਖਿਆ ਕਰਨਾ ਅਤੇ ਲੋਕਤੰਤਰ ਤੇ ਚੋਣ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ। ਇਸ ਮੁਹਿੰਮ ਤਹਿਤ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ, ਵਿਸ਼ੇਸ਼ ਗਹਿਰੀ ਸਮੀਖਿਆ (ਐੱਸ.ਆਈ.ਆਰ.) ਮੁਹਿੰਮ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਬਚਾਅ ਕਰਨਾ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜੇਕਰ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਹੈ ਤਾਂ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ ਦੀ ਸੁਤੰਤਰ ਜਾਂਚ ਕਰਵਾਉਣ ਤੋਂ ਗੁਰੇਜ਼ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੂੰ ਚੋਣ ਪ੍ਰਣਾਲੀ ਵਿੱਚ ਕਥਿਤ ਬੇਨਿਯਮੀਆਂ ਦਾ ਸਿਆਸੀ ਲਾਭ ਮਿਲ ਰਿਹਾ ਹੈ।

ਬੈਨੀਵਾਲ ਨੇ ਕਿਹਾ ਕਿ ਵੋਟਾਂ ਨਾਲ ਸਬੰਧਤ ਬੇਨਿਯਮੀਆਂ ਦਾ ਮੁੱਦਾ ਸਿਰਫ਼ ਮੌਜੂਦਾ ਐੱਸ.ਆਈ.ਆਰ. ਮੁਹਿੰਮ ਤੱਕ ਸੀਮਤ ਨਹੀਂ ਹੈ। ਕਾਂਗਰਸ ਵੱਲੋਂ ਲੰਮੇ ਸਮੇਂ ਤੋਂ ਵੋਟਰ ਸੂਚੀਆਂ ਵਿੱਚ ਨਵੇਂ ਨਾਮ ਜੋੜਨ, ਨਾਮ ਕੱਟਣ, ਡੁਪਲੀਕੇਟ ਰਜਿਸਟ੍ਰੇਸ਼ਨਾਂ, ਚੋਣਾਂ ਨਾਲ ਸਬੰਧਤ ਅੰਕੜਿਆਂ ਦੀ ਪਾਰਦਰਸ਼ਤਾ ਅਤੇ ਈਵੀਐੱਮ ਤੇ ਵੀਵੀਪੈਟ ਪ੍ਰਣਾਲੀ ਦੇ ਕੰਮਕਾਜ ਬਾਰੇ ਸਵਾਲ ਉਠਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਤੱਥਾਂ ਦੇ ਆਧਾਰ ’ਤੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਲੋਕਾਂ ਦਾ ਚੋਣ ਪ੍ਰਣਾਲੀ ਵਿੱਚ ਭਰੋਸਾ ਬਣਿਆ ਰਹੇ।

ਉਨ੍ਹਾਂ ਅੱਗੇ ਕਿਹਾ ਕਿ ਵੋਟ ਸਿਰਫ਼ ਚੋਣਾਂ ਦੌਰਾਨ ਆਪਣੀ ਪਸੰਦ ਦੇ ਉਮੀਦਵਾਰ ਨੂੰ ਚੁਣਨ ਦਾ ਸਾਧਨ ਨਹੀਂ, ਸਗੋਂ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਹਰੇਕ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਵੇ ਅਤੇ ਸੂਚੀਆਂ ਵਿੱਚ ਮੌਜੂਦ ਵੇਰਵੇ ਸਹੀ ਹੋਣ।

ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਗੁਜ਼ਾਰੀ ਅਤੇ ਫ਼ੈਸਲਿਆਂ ਕਾਰਨ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਨਿਰਪੱਖਤਾ ਬਾਰੇ ਸਵਾਲ ਉੱਠ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ, ਐੱਸ.ਆਈ.ਆਰ. ਮੁਹਿੰਮ ਨੂੰ ਮੁਅੱਤਲ ਕਰਨ, ਕਥਿਤ ਤੌਰ ’ਤੇ ਵੋਟਰ ਸੂਚੀਆਂ ਵਿੱਚੋਂ ਹਟਾਏ ਗਏ 13.3 ਕਰੋੜ ਨਾਵਾਂ ਦੀ ਬਹਾਲੀ ਅਤੇ ਚੋਣਾਂ ਨਾਲ ਸਬੰਧਤ ਗੰਭੀਰ ਬੇਨਿਯਮੀਆਂ ਦੀ ਸੁਤੰਤਰ ਤੇ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਇੱਕ ਅਜਿਹੀ ਸੰਵਿਧਾਨਕ ਸੰਸਥਾ ਹੋਣੀ ਚਾਹੀਦੀ ਹੈ, ਜੋ ਕਿਸੇ ਵੀ ਸੱਤਾਧਾਰੀ ਪਾਰਟੀ ਦੇ ਪ੍ਰਭਾਵ ਤੋਂ ਮੁਕਤ ਰਹਿ ਕੇ ਕੰਮ ਕਰੇ ਅਤੇ ਸਾਰੇ ਸਿਆਸੀ ਦਲਾਂ ਵਿੱਚ ਭਰੋਸਾ ਪੈਦਾ ਕਰੇ।

ਇਸ ਮੌਕੇ ਰੂਬੀ ਗਿੱਲ ਜਲਾਲਾਬਾਦ, ਸੁਖਵਿੰਦਰ ਸਿੰਘ ਅਟਾਰੀ, ਅਸ਼ੋਕ ਸਚਦੇਵਾ, ਰਵਿੰਦਰ ਸਿੰਘ ਤੂਤ, ਜ਼ਿਲ੍ਹਾ ਪ੍ਰਧਾਨ ਜੇ.ਬੀ.ਐੱਮ. ਫਿਰੋਜ਼ਪੁਰ, ਸਤਪਾਲ ਚਾਵਲਾ ਸਾਬਕਾ ਪ੍ਰਧਾਨ ਮੱਲਾਂਵਾਲਾ, ਬੋਹੜ ਸਿੰਘ, ਗੁਰਦੇਵ ਸਿੰਘ ਸਰਪੰਚ, ਜ਼ੋਰਾਵਰ ਸਿੰਘ, ਗੁਰਦੇਵ ਸਿੰਘ ਸਰਪੰਚ ਹਾਮਦਵਾਲਾ, ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਕੱਕਣ ਬਾਜ਼ੀਦਪੁਰ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।