Skip to content
ਨਾਭਾ 29 ਅਕਤੂਬਰ (ਅਮਨ ਗਰਗ )
ਸ਼੍ਰੀ ਸ਼ਿਆਮ ਪਰਿਵਾਰ ਸੰਘ (ਰਜਿ.) ਨਾਭਾ ਵੱਲੋਂ ਸ਼੍ਰੀ ਸ਼ਿਆਮ ਬਾਬਾ ਜੀ ਦੇ ਪਾਵਨ ਜਨਮ ਉਤਸਵ ਨੂੰ ਸਮਰਪਿਤ 20 ਨਵੰਬਰ 2026, ਦਿਨ ਸ਼ੁੱਕਰਵਾਰ ਨੂੰ ਨਾਭਾ ਸ਼ਹਿਰ ਵਿੱਚ ਵਿਸ਼ਾਲ ਨਿਸ਼ਾਨ ਯਾਤਰਾ ਅਤੇ ਛੇਵੇਂ ਸਾਲਾਨਾ ਸ਼੍ਰੀ ਸ਼ਿਆਮ ਵੰਦਨਾ ਮਹੋਤਸਵ ਅਤੇ ਭੰਡਾਰੇ ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਸੰਘ ਦੇ ਮੈਂਬਰਾਂ ਅਤੇ ਸ਼ਿਆਮ ਭਗਤਾਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਸੰਘ ਦੇ ਪ੍ਰਧਾਨ ਸੁਮਿਤ ਗੋਇਲ ਸ਼ੈਂਟੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼ਿਆਮ ਬਾਬਾ ਜੀ ਦਾ ਜਨਮਉਤਸਵ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਨਾਭਾ ਸ਼ਹਿਰ ਵਿੱਚ ਸ਼ਿਆਮ ਭਗਤਾਂ ਵੱਲੋਂ ਨਿਸ਼ਾਨ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਿਸ਼ਾਨ ਯਾਤਰਾ 20 ਨਵੰਬਰ ਨੂੰ ਦੁਪਹਿਰ 3 ਵਜੇ ਪਟਿਆਲਾ ਗੇਟ, ਨਾਭਾ ਤੋਂ ਸ਼ੁਰੂ ਹੋਵੇਗੀ। ਯਾਤਰਾ ਭੀਖੀ ਮੋੜ, ਸਦਰ ਬਾਜ਼ਾਰ, ਦੇਵੀ ਦਿਵਾਲਾ ਚੌਕ, ਭਾਵੜਾ ਬਾਜ਼ਾਰ ਅਤੇ ਮੈਹਸ ਗੇਟ ਤੋਂ ਹੁੰਦੀ ਹੋਈ ਸ਼੍ਰੀ ਹਨੂਮਾਨ ਮੰਦਰ, ਬਠਿੰਡੀਆ ਮੁਹੱਲਾ ਵਿਖੇ ਪਹੁੰਚੇਗੀ। ਯਾਤਰਾ ਦੌਰਾਨ ਸ਼ਿਆਮ ਭਗਤ ਹੱਥਾਂ ਵਿੱਚ ਨਿਸ਼ਾਨ ਲੈ ਕੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਇਸ ਵਿਸ਼ਾਲ ਨਿਸ਼ਾਨ ਯਾਤਰਾ ਨੂੰ ਹੋਰ ਵੀ ਆਕਰਸ਼ਕ ਬਣਾਉਣ ਲਈ ਸ਼੍ਰੀ ਸ਼ਿਆਮ ਬਾਬਾ ਜੀ ਦਾ ਸ਼ਾਨਦਾਰ ਰਥ, ਢੋਲ-ਨਗਾੜੇ, ਬੈਂਡ-ਬਾਜੇ, ਸੁੰਦਰ ਝਾਕੀਆਂ, ਰੰਗੋਲੀ, ਟਿੱਪਰੀ, ਡਾਂਡੀਆ, ਆਤਿਸ਼ਬਾਜ਼ੀ ਅਤੇ ਹੋਰ ਧਾਰਮਿਕ ਆਕਰਸ਼ਣ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਬਾਬਾ ਜੀ ਦਾ ਅਲੌਕਿਕ ਸ਼ਿੰਗਾਰ, ਛੱਪਣ ਭੋਗ ਅਤੇ ਫੁੱਲਾਂ ਤੇ ਇਤਰ ਦੀ ਵਰਖਾ ਨਾਲ ਸਮਾਗਮ ਨੂੰ ਭਗਤੀਮਈ ਮਾਹੌਲ ਪ੍ਰਦਾਨ ਕੀਤਾ ਜਾਵੇਗਾ। ਬਾਬਾ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਵਿਸ਼ੇਸ਼ ਸਜਾਵਟ ਅਤੇ ਗੁਬਾਰਿਆਂ , ਝੰਡਿਆਂ ਨਾਲ ਵੀ ਉਤਸਵ ਦੀ ਰੌਣਕ ਵਧਾਈ ਜਾਵੇਗੀ।
ਨਿਸ਼ਾਨ ਯਾਤਰਾ ਦੀ ਸਮਾਪਤੀ ਉਪਰੰਤ ਸ਼੍ਰੀ ਹਨੂਮਾਨ ਮੰਦਰ, ਬਠਿੰਡੀਆ ਮੁਹੱਲਾ ਵਿਖੇ ਸ਼੍ਰੀ ਸ਼ਿਆਮ ਬਾਬਾ ਜੀ ਦੀ ਮਹਿਮਾ ਨੂੰ ਸਮਰਪਿਤ ਭਜਨ-ਕੀਰਤਨ ਕਰਵਾਇਆ ਜਾਵੇਗਾ। ਇਸ ਮੌਕੇ ਨਾਭਾ ਸ਼ਹਿਰ ਦੇ ਪ੍ਰਸਿੱਧ ਭਜਨ ਗਾਇਕ ਰਾਜੇਸ਼ ਕੁਮਾਰ ਜੀ, ਸ਼੍ਰੀਕਾਂਤ ਯੁਵੀ ਸ਼ਰਮਾ, ਦੀਵਾਨੇ ਬ੍ਰਦਰਜ਼, ਗਾਇਨ ਸ਼ਰਮਾ ਵੱਲੋਂ ਆਪਣੀਆਂ ਮਿੱਠੀਆਂ ਭੇਟਾਂ ਰਾਹੀਂ ਸ਼ਿਆਮ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਸਮਾਗਮ ਅਤੇ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਸੰਘ ਵੱਲੋਂ ਸਮੂਹ ਸ਼ਿਆਮ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਪਾਵਨ ਮੌਕੇ ਪਰਿਵਾਰਾਂ ਸਮੇਤ ਪਹੁੰਚ ਕੇ ਨਿਸ਼ਾਨ ਯਾਤਰਾ ਅਤੇ ਸ਼੍ਰੀ ਸ਼ਿਆਮ ਵੰਦਨਾ ਮਹੋਤਸਵ ਦੀ ਸ਼ੋਭਾ ਵਧਾਉਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਪ੍ਰਬੰਧਕੀ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਯਾਤਰਾ ਵਿੱਚ ਬਾਬਾ ਜੀ ਦਾ ਪਵਿੱਤਰ ਨਿਸ਼ਾਨ ਲੈਣ ਲਈ ਨਿਸ਼ਾਨ ਪਰਚੀ ਸੰਘ ਦੇ ਕਿਸੇ ਵੀ ਮੈਂਬਰ ਤੋਂ ਬਿਲਕੁਲ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।
Related