
Skip to content

ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ, ਸ਼ਹੀਦ-ਏ-ਆਜ਼ਮ ਭਗਤ ਸਿੰਘ ਚੌਕ ’ਚ ਫੂਕਿਆ ਪੁਤਲਾ
ਜਲੰਧਰ, 8 ਅਕਤੂਬਰ (ਅਮਿਤ ਨੱਖਵਾਲ):ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸਥਾਨਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਚੌਕ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਸੈਂਕੜੇ ਵਰਕਰਾਂ, ਅਹੁਦੇਦਾਰਾਂ ਅਤੇ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਵਿੱਚ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ, ਕੌਂਸਲਰ ਅਮਿਤ ਢੱਲ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਅਤੇ ਰਵੀ ਮਹਿੰਦਰੂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪੰਜਾਬ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕੇਂਦਰੀ ਏਜੰਸੀਆਂ ਦੀ ਕਾਰਵਾਈ ਨੇ ਆਮ ਆਦਮੀ ਪਾਰਟੀ ਦੀ ਕਥਿਤ ਇਮਾਨਦਾਰ ਰਾਜਨੀਤੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਬਚਾਉਂਦੇ ਨਜ਼ਰ ਆ ਰਹੇ ਹਨ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ, “ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ’ਤੇ ‘ਟੂ-ਟੂ’ ਨੇ ਪੂਰੇ ਪੰਜਾਬ ਵਿੱਚ ‘ਥੂ-ਥੂ’ ਕਰਵਾ ਦਿੱਤੀ ਹੈ। ਪੰਜਾਬ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਵੱਡਾ ਫ਼ਰਕ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਲੜਨ ਦੇ ਦਾਅਵੇ ਕਰਨ ਵਾਲੀ ਸਰਕਾਰ ਅੱਜ ਖ਼ੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ।”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਅਤੇ ਸਰਕਾਰ ਦਾ ਧਿਆਨ ਲੋਕ ਹਿੱਤ ਦੇ ਕੰਮਾਂ ਦੀ ਬਜਾਏ ਆਪਣੇ ਆਗੂਆਂ ਨੂੰ ਬਚਾਉਣ ਵੱਲ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਹੱਕਾਂ ਅਤੇ ਪਾਰਦਰਸ਼ੀ ਸ਼ਾਸਨ ਲਈ ਸੰਘਰਸ਼ ਜਾਰੀ ਰੱਖੇਗੀ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਹਰ ਮਾਮਲੇ ਨੂੰ ਲੋਕਾਂ ਸਾਹਮਣੇ ਲਿਆਵੇਗੀ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਤੇ ਮੀਡੀਆ ਇੰਚਾਰਜ ਅਮਿਤ ਭਾਟੀਆ, ਸ਼ਿਆਮ ਸ਼ਰਮਾ, ਅਨੁ ਸ਼ਰਮਾ, ਦਵਿੰਦਰ ਕਾਲੀਆ, ਬਲਜੀਤ ਪ੍ਰਿੰਸ, ਸੰਜੀਵ ਸ਼ਰਮਾ ਮਨੀ, ਮਿੰਟਾ ਕੋਛੜ, ਸਨੀ ਸ਼ਰਮਾ, ਯੋਗੇਸ਼ ਮਲਹੋਤਰਾ, ਰਵਿੰਦਰ ਧੀਰ, ਦਵਿੰਦਰ ਪਾਲ ਸਿੰਘ ਡਿੰਪੀ ਲੁਭਾਣਾ, ਅਜਮੇਰ ਸਿੰਘ ਬਾਦਲ, ਸੁਮਨ ਰਾਣਾ, ਮਨਜੀਤ ਸਰੋਆ, ਦਿਨੇਸ਼ ਖੰਨਾ ਘੁੰਘਰੂ, ਅਨੁਜ ਸ਼ਾਰਦਾ, ਮੰਡਲ ਪ੍ਰਧਾਨ ਦਿਨੇਸ਼ ਮਹਿੰਦਰੂ, ਮਨਹਰ ਪਾਸ਼ਾਣ, ਚੰਦਨ ਰਖੇਜਾ, ਜਰਨੈਲ ਸਿੰਘ ਡਿੰਪਲਾ, ਸਤਪਾਲ ਬਠਲਾ, ਹੈਪੀ ਦੀਵਾਨ, ਦੀਪਕ ਤੇਲੂ, ਦੀਪਕ ਸ਼ਰਮਾ, ਦੀਪਾਲੀ ਬਾਗੜੀਆ, ਰਿੰਕੂ ਮੋਦੀ, ਬਾਬੂ ਅਰੋੜਾ, ਯਜੀਤ ਹੁਰੀਆ, ਵਰੁਣ ਨਾਗਪਾਲ, ਬ੍ਰਿਜਮੋਹਨ ਗੁਪਤਾ, ਅਜੇ ਠਾਕੁਰ, ਮਨੀਸ਼ ਬਲ, ਸੋਨੂੰ ਹੰਸ ਅਤੇ ਦੀਪਕ ਬਾਵਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।
Related