ਜਲੰਧਰ (ਇਸ਼ਾਂਤ ਮਲਹੋਤਰਾ) : ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਜਿਥੇ ਪੂਰੇ ਭਾਰਤ ਵਿੱਚ ਰਾਸ਼ਟਰੀ ਜਸ਼ਨ ਮਨਾਇਆ ਜਾ ਰਿਹਾ ਹੈ, ਉਥੇ ਹੀ ਸਮਾਜਿਕ ਸੇਵਾ, ਇਨਸਾਨੀਅਤ ਅਤੇ ਲੋੜਵੰਦਾਂ ਦੀ ਭਲਾਈ ਲਈ ਜਾਣੀ ਜਾਣ ਵਾਲੀ ਸੰਸਥਾ ‘ਤੇਰਾ ਤੇਰਾ ਹੱਟੀ’ ਵਲੋ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਮੁੱਖ ਗੇਟ ‘ਤੇ ਇੱਕ ਉਤਸ਼ਾਹਜਨਕ ਅਤੇ ਇਨਸਾਨੀਅਤ ਭਰਿਆ ਉਪਰਾਲਾ ਕੀਤਾ ਗਿਆ। ਸੰਸਥਾ ਵੱਲੋਂ ਗਰਮੀ ਦੌਰਾਨ ਆਉਣ ਵਾਲੀਆਂ ਤਕਲੀਫਾਂ ਨੂੰ ਧਿਆਨ ਵਿੱਚ ਰੱਖਦਿਆਂ ਠੰਡੇ ਪਾਣੀ ਦੀਆਂ ਬੋਤਲਾਂ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ, ਜਿਸ ਦਾ ਲਾਹਾ ਲੈਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ। ਠੰਡਾ ਪਾਣੀ ਪੀ ਕੇ ਅਤੇ ਬਿਸਕੁਟ ਖਾ ਕੇ ਲੋਕਾਂ ਨੇ ਨਾ ਸਿਰਫ਼ ਰਾਹਤ ਮਹਿਸੂਸ ਕੀਤੀ, ਸਗੋਂ ਇਸ ਮਾਨਵਤਾ ਭਰੇ ਕਾਰਜ ਲਈ ਤੇਰਾ ਤੇਰਾ ਹੱਟੀ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਵੀ ਕੀਤਾ। ਸਮਾਜ ਦੀ ਭਲਾਈ ਵੱਲ ਉਠਾਇਆ ਗਿਆ ਇਹ ਕਦਮ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ ਅਤੇ ਵਧਦੀ ਗਰਮੀ ‘ਚ ਠੰਡੀ ਛਾਂ ਵਰਗਾ ਅਹਿਸਾਸ ਹੋਇਆ। ਅਜਿਹਾ ਉਪਰਾਲਾ ਇਹ ਦਰਸਾਉਂਦਾ ਹੈ ਕਿ ਅਸਲ ਆਜ਼ਾਦੀ ਦੀ ਰੂਹ ਸੇਵਾ, ਭਾਈਚਾਰੇ ਅਤੇ ਪਿਆਰ ਵਿੱਚ ਲੁਕੀ ਹੋਈ ਹੈ। ਇਸ ਪਵਿੱਤਰ ਸੇਵਾ ਦੌਰਾਨ ਸੰਸਥਾ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਅਮਰਪ੍ਰੀਤ ਸਿੰਘ ਰਿੰਕੂ, ਜਸਵਿੰਦਰ ਸਿੰਘ ਪਨੇਸਰ, ਯਾਦਵਿੰਦਰ ਸਿੰਘ, ਪਰਵਿੰਦਰ ਸਿੰਘ, ਆਰਿਅਨ ਬਤਰਾ, ਕਾਰਤਿਕ ਬਤਰਾ, ਦਮਨਪ੍ਰੀਤ ਸਿੰਘ, ਹਿਤੇਸ਼ ਸ਼ਰਮਾ, ਅਮਨਦੀਪ ਸਿੰਘ ਅਤੇ ਪਤੱਰਕਾਰ ਪ੍ਰੈਸ ਐਸੋਸੀਏਸ਼ਨ ਦੇ ਪੁਨੀਸ਼ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਾ ਕੇ ਆਪਣੀ ਭੂਮਿਕਾ ਨਿਭਾਈ। ਤੇਰਾ ਤੇਰਾ ਹੱਟੀ ਵੱਲੋਂ ਕੀਤੀ ਗਈ ਇਹ ਸੇਵਾ ਲੋਕਾਂ ਵਿੱਚ ਉਮੀਦ ਦੀ ਕਿਰਣ ਵਾਂਗ ਚਮਕੀ, ਅਤੇ ਇਹ ਸੰਸਥਾ ਦਿਨੋਂ-ਦਿਨ ਹੋਰ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਹੈ।