
Skip to content
ਜਲੰਧਰ, (ਵਿੱਕੀ ਸੂਰੀ) : ਜਲੰਧਰ ਦੇ ਭਾਰਗੋ ਕੈਂਪ ਥਾਣੇ ਦੇ ਅਧੀਨ ਆਉਂਦੇ ਖੇਤਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਵਿਜੇ ਜਿਵੈਲਰਸ ਦੀ ਦੁਕਾਨ ’ਤੇ ਤਿੰਨ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਦਾਖਲ ਹੋਏ ਤੇ ਬੰਦੂਕ ਦੀ ਨੋਕ ’ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਖ਼ਬਰ ਮਿਲਦੇ ਹੀ ਏਸੀਪੀ ਅਤੇ ਭਾਰਗੋ ਕੈਂਪ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਗਈ ਹੈ।ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਤਿੰਨ ਲੁਟੇਰੇ ਪਿਸਤੌਲਾਂ ਅਤੇ ਹੋਰ ਹਥਿਆਰਾਂ ਨਾਲ ਦੁਕਾਨ ਵਿੱਚ ਦਾਖਲ ਹੋ ਰਹੇ ਹਨ। ਉਨ੍ਹਾਂ ਦੇ ਦਾਖਲ ਹੋਣ ਨਾਲ ਹੀ ਦੁਕਾਨ ਮਾਲਕ ਦਾ ਪੁੱਤਰ ਘਬਰਾ ਗਿਆ ਅਤੇ ਉੱਚੀ ਆਵਾਜ਼ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕਾਉੰਟਰ ਦਾ ਸ਼ੀਸ਼ਾ ਤੋੜ ਦਿੱਤਾ, ਜਦਕਿ ਹੋਰ ਦੋ ਸਾਥੀ ਸ਼ੋ-ਕੇਸਾਂ ਵਿੱਚੋਂ ਗਹਿਣੇ ਸਮੇਟਣ ਲੱਗ ਪਏ।ਲੁਟੇਰਿਆਂ ਨੇ ਕਾਉੰਟਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਗਹਿਣੇ ਕੱਢੇ ਤੇ ਦੁਕਾਨ ਮਾਲਕ ਨੂੰ ਪਿਸਤੌਲ ਤਾਣ ਕੇ ਤਿਜੋਰੀ ਖੋਲ੍ਹਣ ਲਈ ਮਜਬੂਰ ਕੀਤਾ। ਤਿਜੋਰੀ ਵਿੱਚੋਂ ਨਕਦੀ ਕੱਢਣ ਤੋਂ ਬਾਅਦ ਉਹ ਹੋਰ ਸੋਨੇ ਦੇ ਗਹਿਣੇ ਵੀ ਬੈਗਾਂ ਵਿੱਚ ਪਾ ਲੈ ਗਏ। ਸਾਰੀ ਵਾਰਦਾਤ ਸਿਰਫ਼ ਦੋ ਮਿੰਟਾਂ ਦੇ ਅੰਦਰ ਹੋਈ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਲਗਭਗ ਦੋ ਲੱਖ ਰੁਪਏ ਦੀ ਨਕਦੀ ਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਲੈ ਕੇ ਚਲੇ ਗਏ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਭਰੇ ਬਜ਼ਾਰ ਵਿੱਚ ਬੰਦੂਕ ਦੀ ਨੋਕ ’ਤੇ ਲੁੱਟ ਦੀ ਇਹ ਘਟਨਾ ਪੁਲਿਸ ਪ੍ਰਬੰਧਾਂ ਦੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ।ਸੁਨਿਆਰਾ ਭਾਈਚਾਰਾ ਤੇ ਵਪਾਰ ਮੰਡਲਾਂ ਨੇ ਪੁਲਿਸ ਵਿਰੁੱਧ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਪਰਾਧਕ ਤੱਤ ਬੇਖੌਫ਼ ਹੋ ਚੁੱਕੇ ਹਨ ਤੇ ਹੁਣ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹੈ। ਵਪਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਲੁਟੇਰਿਆਂ ਵੱਲੋਂ ਘਟਨਾ ਤੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਗਈ ਸੀ।ਇੱਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ ਕੁੱਲ ਪੰਜ ਵਿਅਕਤੀ ਸਨ — ਤਿੰਨ ਦੁਕਾਨ ਦੇ ਅੰਦਰ ਦਾਖਲ ਹੋਏ ਜਦਕਿ ਦੋ ਬਾਹਰ ਖੜ੍ਹੇ ਰਹੇ। ਅੰਦਰ ਦਾਖਲ ਹੋਏ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲਾਂ ਸਨ ਅਤੇ ਉਨ੍ਹਾਂ ਨੇ ਦੁਕਾਨਦਾਰ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ। ਇਸ ਦੌਰਾਨ ਲੁਟੇਰਿਆਂ ਤੇ ਪੀੜਤ ਪਰਿਵਾਰ ਵਿੱਚ ਹੱਥਾਪਾਈ ਵੀ ਹੋਈ, ਪਰ ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।ਘਟਨਾ ਤੋਂ ਬਾਅਦ ਸੁਨਿਆਰਾ ਬਜ਼ਾਰ ਦੇ ਵਪਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਲੁਟੇਰਿਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਦੁਕਾਨਾਂ ਨੂੰ ਬੰਦ ਕਰਕੇ ਪੁਲਿਸ ਵਿਰੁੱਧ ਧਰਨਾ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।Related