
Skip to content
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਵਿਪਨ ਮਿੱਤਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਿਪਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਵੱਲੋਂ ਐੱਮ.ਐੱਲ.ਏ. ਸ੍ਰ. ਜਗਦੀਪ ਸਿੰਘ ਕਾਕਾ ਬਰਾੜ ਤੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਹੋਰਨਾਂ ਦੇ ਸਹਿਯੋਗ ਨਾਲ ਡਾ. ਅੰਬੇਡਕਰ ਪਾਰਕ ਦੇ ਸੁੰਦਰੀਕਰਨ ਦਾ ਕਾਰਜ ਅੰਤਿਮ ਪੜਾਅ ਵਿੱਚ ਹੈ। ਸਮੂਹ ਬਾਵਾ ਪਰਿਵਾਰ ਵੱਲੋਂ ਆਪਣੀ ਨਿੱਜੀ ਜ਼ਮੀਨ ਵਿੱਚੋਂ ਦਾਨ ਕੀਤੀ ਜਗ੍ਹਾ ਉਪਰ ਬਣਾਇਆ ਗਿਆ ਪਾਰਕ ਹੁਣ ਆਪਣੇ ਨਵੇਂ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਪਾਰਕ ਸੁੰਦਰੀਕਰਨ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਸੱਜਣਾਂ ਅਤੇ ਮਿਸ਼ਨ ਮੈਂਬਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪਾਰਕ ਸੁੰਦਰੀਕਰਨ ਸ਼ਹਿਰ ਨਿਵਾਸੀਆਂ ਵੱਲੋਂ ਉਨ੍ਹਾਂ ਦੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਪ੍ਰਤੀ ਦਰਸਾਏ ਪਿਆਰ ਅਤੇ ਮਿਲਵਰਤਣ ਦੀ ਅਦੁੱਤੀ ਮਿਸਾਲ ਹੈ। ਇਸ ਪਿਆਰ ਤੇ ਮਿਲਵਰਤਣ ਲਈ ਉਨ੍ਹਾਂ ਦੀ ਸੰਸਥਾ ਸ਼ਹਿਰ ਨਿਵਾਸੀਆਂ ਦੀ ਸਦਾ ਰਿਣੀ ਰਹੇਗੀ। ਅੱਜ ਇਥੇ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਹੁਣ ਪਾਰਕ ਦੀ ਸੁੰਦਰਤਾ ਅਤੇ ਸੁਰੱਖਿਆ ਯਕੀਨੀ ਬਣਾਏ ਜਾਣਾ ਲਾਜ਼ਮੀ ਅਤੇ ਮੁਢਲੀ ਲੋੜ ਹੈ। ਇਸ ਲਈ ਪ੍ਰਧਾਨ ਢੋਸੀਵਾਲ ਨੇ ਆਪਣੀ ਸੰਸਥਾ ਵੱਲੋਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ. ਨੂੰ ਬੇਨਤੀ ਪੱਤਰ ਲਿਖਿਆ ਹੈ। ਪੱਤਰ ਅਨੁਸਾਰ ਉਕਤ ਅੰਬੇਡਕਰ ਪਾਰਕ ਵਿੱਚ ਘੱਟੋ-ਘੱਟ ਪੰਜ ਸੋਲਰ ਲਾਇਟਾਂ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਵਏ ਜਾਣ ਦੀ ਬੇਨਤੀ ਕੀਤੀ ਗਈ ਹੈ। ਬੇਨਤੀ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ, ਏ.ਡੀ.ਸੀ. (ਜਨਰਲ) ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਵੀ ਭੇਜੀ ਗਈ ਹੈ। ਢੋਸੀਵਾਲ ਨੇ ਉਮੀਦ ਜਾਹਰ ਕੀਤੀ ਹੈ ਕਿ ਹਲਕਾ ਵਿਧਾਇਕ ਅਤੇ ਦੂਸਰੇ ਅਧਿਕਾਰੀ ਮੁਕਤਸਰ ਵਿਕਾਸ ਮਿਸ਼ਨ ਦੀ ਬੇਨਤੀ ਨੂੰ ਜਲਦੀ ਹੀ ਪ੍ਰਵਾਨ ਕਰਦੇ ਹੋਏ ਪਾਰਕ ਅੰਦਰ ਸੋਲਰ ਲਾਈਟਾਂ ਅਤੇ ਕੈਮਰੇ ਲਗਵਾ ਦੇਣਗੇ।Related