300 ਦੇ ਕਰੀਬ ਮਰੀਜ਼ਾਂ ਦੀ ਕੀਤੀ ਜਾਂਚ, 20 ਮਰੀਜ਼ਾਂ ਦੇ ਮੁਫ਼ਤ ਪਾਏ ਗਏ ਲੈਂਜ਼

ਜਤਿੰਦਰ ਪਿੰਕਲ, ਫਿਰੋਜ਼ਪੁਰ: ਨਿਰਭਓ ਨਿਰਵੈਰ ਸੇਵਾ ਸੁਸਾਇਟੀ ਵੱਲੋਂ ਪਿੰਡ ਕੁੱਲਗੜ੍ਹੀ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਲੈਂਜ਼ ਪਾਉਣ ਲਈ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਪਹੁੰਚ ਕੇ ਅੱਖਾਂ ਦੀ ਜਾਂਚ ਕਰਵਾਈ ਅਤੇ ਕੈਂਪ ਦਾ ਲਾਭ ਉਠਾਇਆ।

ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਤੋਂ ਡਾ. ਮੁਨੀਸ਼ ਧਵਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਗਭਗ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਅਗਲੇ ਦਿਨ 20 ਮਰੀਜ਼ਾਂ ਦੇ ਹਸਪਤਾਲ ਵਿਖੇ ਮੁਫ਼ਤ ਲੈਂਜ਼ ਪਾਏ ਗਏ। ਸੁਸਾਇਟੀ ਵੱਲੋਂ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਲਈ ਗੁਰੂ ਕੇ ਲੰਗਰ ਅਤੇ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਨਾਮ ਸਿੱਧੂ, ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਸਮੁੱਚੀ ਟੀਮ, ਬਾਬਾ ਗੁਰਮੇਲ ਸਿੰਘ ਜੀ ਕਾਰ ਸੇਵਾ ਵਾਲੇ, ਅਭਿਨਵ ਖੋਸਲਾ ਫੂਡ ਸੇਫਟੀ ਅਫਸਰ, ਧਰਮਪਾਲ ਹਾਰਮਨੀ ਆਯੁਰਵੈਦਿਕ ਕਾਲਜ, ਪਿੰਡ ਦੇ ਸਰਪੰਚ ਗੁਰਨੇਕ ਸਿੰਘ ਕੁੱਲਗੜ੍ਹੀ ਅਤੇ ਕੁਲਦੀਪ ਕੁਮਾਰ ਠੇਕੇਦਾਰ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਕੈਂਪ ਨੂੰ ਸਫਲ ਬਣਾਉਣ ਵਿੱਚ ਸੁਸਾਇਟੀ ਦੇ ਮੈਂਬਰਾਂ ਸੁਖਜਿੰਦਰ ਸਿੰਘ ਸੰਧੂ, ਗੁਰਜੀਤ ਸਿੰਘ ਮੱਲੀ, ਰਮਨਦੀਪ ਸਿੰਘ ਸੰਧੂ, ਬਲਵੰਤ ਸਿੰਘ ਸਿੱਧੂ, ਅਮਨਦੀਪ ਸਿੰਘ ਮੰਪੀ, ਬਖ਼ਸ਼ੀਸ਼ ਸਿੰਘ ਜੱਥੇਦਾਰ, ਗੁਰਬਾਜ ਸਿੰਘ ਕੈਨੇਡਾ ਅਤੇ ਸਮੂਹ ਐਨ.ਆਰ.ਆਈ. ਵੀਰਾਂ ਨੇ ਅਹਿਮ ਯੋਗਦਾਨ ਪਾਇਆ।

ਇਸ ਮੌਕੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅਜਿਹੇ ਸਮਾਜ ਸੇਵੀ ਕਾਰਜ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।

                                                                  

You missed