ਸਰਕਾਰੀ ਅਧਿਆਪਕਾ ’ਤੇ ਨਿੱਜੀ ਟਿਊਸ਼ਨ ਪੜ੍ਹਾਉਣ ਅਤੇ 600 ਤੋਂ 1000 ਰੁਪਏ ਫੀਸ ਵਸੂਲਣ ਦੇ ਦੋਸ਼, ਸਿੱਖਿਆ ਵਿਭਾਗ ਨੇ ਬਿਠਾਈ ਜਾਂਚ

ਫਿਰੋਜ਼ਪੁਰ (ਜਤਿੰਦਰ ਪਿੰਕਲ): ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਇੱਕ ਅਧਿਆਪਕਾ ਵਿਰੁੱਧ ਨਿੱਜੀ ਟਿਊਸ਼ਨ ਪੜ੍ਹਾਉਣ ਅਤੇ ਵਿਦਿਆਰਥੀਆਂ ਤੋਂ 600 ਤੋਂ 1000 ਰੁਪਏ ਤੱਕ ਫੀਸ ਵਸੂਲਣ ਦੇ ਦੋਸ਼ ਸਾਹਮਣੇ ਆਏ ਹਨ। ਇਹ ਮਾਮਲਾ ਸਰਕਾਰੀ ਹਾਈ ਸਕੂਲ ਕਰਮੂ ਵਾਲਾ ਵਿੱਚ ਤਾਇਨਾਤ ਅੰਗਰੇਜ਼ੀ ਅਧਿਆਪਕਾ ਮੰਜੂ ਬਾਲਾ ਨਾਲ ਸਬੰਧਤ ਹੈ। ਪਿੰਡ ਵਾਸੀਆਂ ਵੱਲੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਰਮੂ ਵਾਲਾ ਦੇ ਵਸਨੀਕ ਪ੍ਰਕਾਸ਼ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਡੀਪੀਆਈ (ਸੈਕੰਡਰੀ) ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਫਿਰੋਜ਼ਪੁਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਸਬੰਧਤ ਅਧਿਆਪਕਾ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ ਅਤੇ ਇਸ ਦੇ ਬਦਲੇ ਪ੍ਰਤੀ ਵਿਦਿਆਰਥੀ 600 ਤੋਂ 1000 ਰੁਪਏ ਤੱਕ ਫੀਸ ਵਸੂਲਦੀ ਹੈ।

ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਵਿਭਾਗੀ ਹੁਕਮਾਂ ਅਨੁਸਾਰ ਜਾਂਚ ਅਧਿਕਾਰੀ ਆਪਣੀ ਟੀਮ ਸਮੇਤ 28 ਨਵੰਬਰ ਨੂੰ ਸਵੇਰੇ 9:30 ਵਜੇ ਸਰਕਾਰੀ ਹਾਈ ਸਕੂਲ ਕਰਮੂ ਵਾਲਾ ਵਿਖੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨਗੇ।

ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਸ਼ਿਕਾਇਤਕਰਤਾਵਾਂ ਅਤੇ ਸਬੰਧਤ ਅਧਿਆਪਕਾ ਨੂੰ ਜਾਂਚ ਦੌਰਾਨ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲ ਮੁਖੀ ਨੂੰ ਅਧਿਆਪਕਾ ਮੰਜੂ ਬਾਲਾ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਜਾਂਚ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ, ਇਸ ਲਈ 28 ਨਵੰਬਰ ਨੂੰ ਸਕੂਲ ਦੇ ਕਿਸੇ ਵੀ ਸਟਾਫ਼ ਮੈਂਬਰ ਦੀ ਛੁੱਟੀ ਮਨਜ਼ੂਰ ਨਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਜਾਂਚ ਰਿਪੋਰਟ ਤੋਂ ਬਾਅਦ ਹੋਵੇਗਾ ਖੁਲਾਸਾ

ਸਰਕਾਰੀ ਅਧਿਆਪਕਾਂ ਵੱਲੋਂ ਨਿੱਜੀ ਤੌਰ ’ਤੇ ਟਿਊਸ਼ਨ ਪੜ੍ਹਾਉਣ ਦੇ ਮਾਮਲੇ ਨੇ ਸਰਕਾਰੀ ਸਿੱਖਿਆ ਪ੍ਰਣਾਲੀ ਅਤੇ ਅਧਿਆਪਕਾਂ ਦੇ ਸੇਵਾ ਨਿਯਮਾਂ ਦੀ ਪਾਲਣਾ ਸਬੰਧੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਵਿਭਾਗੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਅਧਿਆਪਕਾ ਵਿਰੁੱਧ ਲਗਾਏ ਗਏ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਅਤੇ ਕੀ ਵਿਦਿਆਰਥੀਆਂ ਤੋਂ ਦੱਸੀ ਗਈ ਫੀਸ ਵਸੂਲੀ ਜਾਂਦੀ ਸੀ।

ਫਿਲਹਾਲ ਇਹ ਮਾਮਲਾ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਅਧੀਨ ਹੈ ਅਤੇ ਸਬੰਧਤ ਅਧਿਆਪਕਾ ਮੰਜੂ ਬਾਲਾ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ।