ਅਸ਼ਲੀਲ ਸਮੱਗਰੀ ਅਤੇ ਵਿਕ੍ਰਿਤ ਮਾਨਸਿਕਤਾ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਅਧਿਆਤਮਿਕ ਗਿਆਨ ਤੇ ਸੰਸਕਾਰ ਜ਼ਰੂਰੀ: ਸਾਧਵੀ ਸ਼੍ਰੇਆ ਭਾਰਤੀ ਜੀ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਸਮਾਜਿਕ ਪ੍ਰੋਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦੇ ਛੇਵੇਂ ਦਿਨ ਵੀ ਭਗਤੀ ਅਤੇ ਅਧਿਆਤਮਿਕਤਾ ਦਾ ਅਲੌਕਿਕ ਮਾਹੌਲ ਦੇਖਣ ਨੂੰ ਮਿਲਿਆ।

                                                           

ਇਸ ਮੌਕੇ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਅਤੇ ਪ੍ਰਸਿੱਧ ਕਥਾ ਵਿਆਸ ਸਾਧਵੀ ਸੁਸ਼੍ਰੀ ਸ਼੍ਰੇਆ ਭਾਰਤੀ ਜੀ ਨੇ ‘ਰਾਮ-ਸੁਗਰੀਵ ਮਿੱਤਰਤਾ ਅਤੇ ਸੁੰਦਰਕਾਂਡ ਗਾਥਾ’, ‘ਆਤਮ ਉਤਥਾਨ ਤੋਂ ਬਿਨਾਂ ਰਾਸ਼ਟਰ ਦਾ ਉਤਥਾਨ ਸੰਭਵ ਨਹੀਂ’ ਅਤੇ ‘ਅਸ਼ਲੀਲ ਸਮੱਗਰੀ ਤੇ ਵਿਕ੍ਰਿਤ ਮਾਨਸਿਕਤਾ ਵਿੱਚ ਗੁਆਚੀ ਨੌਜਵਾਨ ਪੀੜ੍ਹੀ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ’ ਵਰਗੇ ਅਹਿਮ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਸਾਧਵੀ ਜੀ ਨੇ ਭਗਵਾਨ ਸ੍ਰੀ ਰਾਮ ਅਤੇ ਸੁਗਰੀਵ ਦੀ ਮਿੱਤਰਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੱਚੀ ਮਿੱਤਰਤਾ ਸਵਾਰਥ ‘ਤੇ ਨਹੀਂ, ਸਗੋਂ ਵਿਸ਼ਵਾਸ, ਸਮਰਪਣ ਅਤੇ ਧਰਮ ਦੇ ਮਾਰਗ ‘ਤੇ ਆਧਾਰਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਨੂੰਮਾਨ ਜੀ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਰਾਜ਼ ਉਨ੍ਹਾਂ ਦਾ ਅਹੰਕਾਰ ਰਹਿਤ ਸੇਵਾ ਭਾਵ ਅਤੇ ਪ੍ਰਭੂ ਪ੍ਰਤੀ ਅਟੁੱਟ ਵਿਸ਼ਵਾਸ ਸੀ। ਜੇਕਰ ਮਨੁੱਖ ਆਪਣੇ ਅੰਦਰੋਂ ਸ਼ੰਕਾ ਅਤੇ ਹੀਣ ਭਾਵਨਾ ਨੂੰ ਖ਼ਤਮ ਕਰਕੇ ਸੇਵਾ ਤੇ ਸਮਰਪਣ ਦਾ ਰਸਤਾ ਅਪਣਾਉਂਦਾ ਹੈ ਤਾਂ ਵੱਡੇ ਤੋਂ ਵੱਡਾ ਕੰਮ ਵੀ ਸੰਭਵ ਹੋ ਜਾਂਦਾ ਹੈ।

ਆਤਮ ਉਤਥਾਨ ਨਾਲ ਹੀ ਹੋਵੇਗਾ ਰਾਸ਼ਟਰ ਦਾ ਵਿਕਾਸ

ਰਾਸ਼ਟਰ ਨਿਰਮਾਣ ਬਾਰੇ ਗੱਲ ਕਰਦਿਆਂ ਸਾਧਵੀ ਜੀ ਨੇ ਕਿਹਾ ਕਿ ਸਿਰਫ਼ ਭੌਤਿਕ ਵਿਕਾਸ ਅਤੇ ਸਾਧਨਾਂ ਨਾਲ ਕਿਸੇ ਦੇਸ਼ ਦੀ ਅਸਲ ਤਰੱਕੀ ਨਹੀਂ ਹੋ ਸਕਦੀ। ਇਸ ਲਈ ਦੇਸ਼ ਦੇ ਨਾਗਰਿਕਾਂ ਦਾ ਨੈਤਿਕ, ਚਰਿੱਤਰਕ ਅਤੇ ਆਤਮਿਕ ਵਿਕਾਸ ਹੋਣਾ ਵੀ ਜ਼ਰੂਰੀ ਹੈ। ਜਦੋਂ ਵਿਅਕਤੀ ਦੇ ਅੰਦਰ ਨੈਤਿਕਤਾ, ਅਨੁਸ਼ਾਸਨ ਅਤੇ ਮਨੁੱਖਤਾ ਦੇ ਗੁਣ ਪੈਦਾ ਹੁੰਦੇ ਹਨ, ਤਦ ਹੀ ਪਰਿਵਾਰ, ਸਮਾਜ ਅਤੇ ਦੇਸ਼ ਮਜ਼ਬੂਤ ਬਣਦਾ ਹੈ।

ਉਨ੍ਹਾਂ ਕਿਹਾ ਕਿ ਪੂਰਨ ਗੁਰੂ ਦੀ ਸ਼ਰਨ ਵਿੱਚ ਪ੍ਰਾਪਤ ਬ੍ਰਹਮ ਗਿਆਨ ਮਨੁੱਖ ਦੇ ਅੰਦਰਲੀ ਦਿਵਯ ਦ੍ਰਿਸ਼ਟੀ ਨੂੰ ਜਾਗ੍ਰਿਤ ਕਰਦਾ ਹੈ ਅਤੇ ਉਸ ਨੂੰ ਆਪਣੇ ਅਸਲ ਸਰੂਪ ਤੇ ਜੀਵਨ ਦੇ ਉਦੇਸ਼ ਦੀ ਪਹਿਚਾਣ ਕਰਵਾਉਂਦਾ ਹੈ।

ਅਸ਼ਲੀਲ ਸਮੱਗਰੀ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ

ਮੌਜੂਦਾ ਸਮੇਂ ਵਿੱਚ ਡਿਜੀਟਲ ਮਾਧਿਅਮਾਂ ਰਾਹੀਂ ਫੈਲ ਰਹੀ ਅਸ਼ਲੀਲ, ਹਿੰਸਕ ਅਤੇ ਭਟਕਾਉਣ ਵਾਲੀ ਸਮੱਗਰੀ ‘ਤੇ ਚਿੰਤਾ ਪ੍ਰਗਟ ਕਰਦਿਆਂ ਸਾਧਵੀ ਸ਼੍ਰੇਆ ਭਾਰਤੀ ਜੀ ਨੇ ਕਿਹਾ ਕਿ ਇਸ ਦਾ ਨੌਜਵਾਨਾਂ ਦੀ ਮਾਨਸਿਕਤਾ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਨੌਜਵਾਨ ਪੀੜ੍ਹੀ ਨੂੰ ਸਿਰਫ਼ ਰੋਕ-ਟੋਕ ਜਾਂ ਦਬਾਅ ਰਾਹੀਂ ਸਹੀ ਦਿਸ਼ਾ ਨਹੀਂ ਦਿੱਤੀ ਜਾ ਸਕਦੀ, ਸਗੋਂ ਉਨ੍ਹਾਂ ਨਾਲ ਸਕਾਰਾਤਮਕ ਸੰਵਾਦ, ਚੰਗੇ ਸੰਸਕਾਰ, ਅਧਿਆਤਮਿਕ ਸਿੱਖਿਆ ਅਤੇ ਆਤਮਿਕ ਸ਼ਕਤੀ ਰਾਹੀਂ ਜੁੜਨਾ ਹੋਵੇਗਾ। ਜਦੋਂ ਨੌਜਵਾਨ ਆਪਣੇ ਜੀਵਨ ਦਾ ਮਕਸਦ ਅਤੇ ਅੰਦਰੂਨੀ ਖੁਸ਼ੀ ਪਛਾਣ ਲੈਂਦੇ ਹਨ ਤਾਂ ਉਹ ਗਲਤ ਆਕਰਸ਼ਣਾਂ ਤੋਂ ਦੂਰ ਹੋ ਕੇ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦਾ ‘ਮੰਥਨ’ ਪ੍ਰੋਜੈਕਟ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ ਵਿਸ਼ਵਾਸ, ਚੰਗੇ ਸੰਸਕਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਪੈਦਾ ਕਰਨ ਲਈ ਵੀ ਯਤਨਸ਼ੀਲ ਹੈ।

ਪੂਜਨ ਅਤੇ ਆਰਤੀ ਸਮੇਂ ਪਤਵੰਤਿਆਂ ਨੇ ਭਰੀ ਹਾਜ਼ਰੀ

ਕਥਾ ਦੇ ਛੇਵੇਂ ਦਿਨ ਦੀ ਸ਼ੁਰੂਆਤ ਮੁੱਖ ਯਜਮਾਨ ਗੌਤਮ ਕੁਕਰੇਜਾ, ਸੋਨੂੰ ਕੁਕਰੇਜਾ, ਗੌਰਵ ਕੁਕਰੇਜਾ, ਪ੍ਰੀਤੀ ਕੁਕਰੇਜਾ ਸਮੇਤ ਰੋਜ਼ਾਨਾ ਦੇ ਯਜਮਾਨ ਰਾਕੇਸ਼ ਗਰਗ, ਸੁਦੇਸ਼ ਗਰਗ, ਅਮਿਤ ਗੁਪਤਾ, ਮੇਘਾ ਗੁਪਤਾ, ਚਮਨ ਲਾਲ ਕਾਲੀਆ, ਸੁਦੇਸ਼ ਕਾਲੀਆ, ਪ੍ਰਦੀਪ ਸੋਨੂੰ, ਆਰਤੀ ਸ਼ਰਮਾ, ਡਾ. ਮੁਕੇਸ਼ ਗੁਪਤਾ, ਡਾ. ਸ਼ੈਲੀ ਗੁਪਤਾ, ਵਿਜੇ ਧੀਮਾਨ, ਮੰਜੂ ਧੀਮਾਨ, ਤ੍ਰਿਪਤਾ ਦੇਵੀ, ਸੁਨੀਲ ਸ਼ਰਮਾ ਅਤੇ ਪੂਜਾ ਸ਼ਰਮਾ ਵੱਲੋਂ ਪਵਿੱਤਰ ਪੂਜਨ ਅਤੇ ਜੋਤੀ ਪ੍ਰਚੰਡ ਕਰਕੇ ਕੀਤੀ ਗਈ।

ਇਸ ਮੌਕੇ ਪਵਿੱਤਰ ਆਰਤੀ ਵਿੱਚ ਵਿਜੇ ਸਾਂਪਲਾ (ਸਾਬਕਾ ਕੇਂਦਰੀ ਰਾਜ ਮੰਤਰੀ, ਭਾਰਤ ਸਰਕਾਰ), ਸੁਰਿੰਦਰ ਸਿੰਘ (ਕਾਰਪੋਰੇਸ਼ਨ ਕਮਿਸ਼ਨਰ), ਰੌਬਿਨ ਸਾਂਪਲਾ, ਪ੍ਰਦੀਪ ਖੁੱਲਰ, ਆਤਮ ਪ੍ਰਕਾਸ਼ ਬਬਲੂ, ਦਵਿੰਦਰ ਬਜਾਜ, ਸੌਰਭ ਬਜਾਜ, ਰਵੀ ਸੈਣੀ (ਕੌਂਸਲਰ), ਅਮਿਤ ਤਲਵਾਰ, ਰਿਸ਼ੀ ਆਰੀਆ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਅਮਰੀਕ ਸਿੰਘ ਸ਼ਾਲੀਮਾਰ ਟਰਾਂਸਪੋਰਟ, ਦਮਨਪ੍ਰੀਤ ਸਿੰਘ, ਸੁਤੀਕਸ਼ਣ ਸਮਰੁਲ, ਹਰਿੰਦਰ ਸਿੰਘ ਢੀਂਡਸਾ (ਅਕਾਲੀ ਦਲ), ਅਜੈ ਗੁਪਤਾ ਅਤੇ ਪ੍ਰਮੋਦ ਗੁਪਤਾ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਸਵਾਮੀ ਪਰਮਾਨੰਦ ਜੀ, ਸਵਾਮੀ ਗਿਰਧਰਾਨੰਦ ਜੀ, ਸਵਾਮੀ ਸਦਾਨੰਦ ਜੀ, ਸਾਧਵੀ ਪੱਲਵੀ ਭਾਰਤੀ ਜੀ, ਸਾਧਵੀ ਸ਼ਸ਼ੀ ਪ੍ਰਭਾ ਭਾਰਤੀ ਜੀ, ਸਾਧਵੀ ਰਜਨੀ ਭਾਰਤੀ ਜੀ, ਸਾਧਵੀ ਰੀਨਾ ਭਾਰਤੀ ਜੀ ਅਤੇ ਸਾਧਵੀ ਰੀਤਾ ਭਾਰਤੀ ਜੀ ਸਮੇਤ ਸੰਤ ਸਮਾਜ ਦੀ ਵਿਸ਼ੇਸ਼ ਹਾਜ਼ਰੀ ਰਹੀ।

ਅੰਤ ਵਿੱਚ ਪ੍ਰਬੰਧਕਾਂ ਅਤੇ ਸੰਤ ਸਮਾਜ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ੍ਰੀ ਰਾਮ ਕਥਾ ਦਾ ਲਾਭ ਉਠਾਉਣ ਅਤੇ ‘ਮੰਥਨ’ ਪ੍ਰੋਜੈਕਟ ਦੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਕੇ ਸਮਾਜ ਅਤੇ ਨੌਜਵਾਨ ਪੀੜ੍ਹੀ ਦੇ ਸਕਾਰਾਤਮਕ ਬਦਲਾਅ ਦੀ ਇਸ ਮੁਹਿੰਮ ਦਾ ਹਿੱਸਾ ਬਣਨ।