ਜੀਰਾ ਵਿੱਚ ਦਲਿਤ ਵਿਦਿਆਰਥੀ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ

ਦੋਸ਼ੀ ਐੱਸ.ਐੱਚ.ਓ. ਗੁਰਮੀਤ ਸਿੰਘ ਖ਼ਿਲਾਫ਼ ਕਤਲ ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਸ਼ੀਤਲ ਅੰਗੁਰਾਲ ਨੇ ਕੀਤੀ ਮੰਗ

ਜਤਿੰਦਰ ਪਿੰਕਲ, ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਵਿੱਚ ਇੱਕ ਹੋਣਹਾਰ ਦਲਿਤ ਵਿਦਿਆਰਥੀ ਅਤੇ ਹਾਕੀ ਖਿਡਾਰੀ ਜਸ਼ਨਦੀਪ ਦੀ ਪੁਲਿਸ ਹਿਰਾਸਤ ਦੌਰਾਨ ਕਥਿਤ ਤਸ਼ੱਦਦ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਨੇ ਇਸ ਘਟਨਾ ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋਇਆ ਸ਼ਰਮਨਾਕ ਕਤਲ ਕਰਾਰ ਦਿੰਦਿਆਂ ਦੋਸ਼ੀ ਐੱਸ.ਐੱਚ.ਓ. ਗੁਰਮੀਤ ਸਿੰਘ ਖ਼ਿਲਾਫ਼ ਧਾਰਾ 103 ਬੀ.ਐੱਨ.ਐੱਸ. ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਸ਼ੀਤਲ ਅੰਗੁਰਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਪੁਲਿਸ ਥਾਣੇ ਤਸ਼ੱਦਦ ਦੇ ਅੱਡੇ ਬਣਦੇ ਜਾ ਰਹੇ ਹਨ, ਜਿੱਥੇ ਗਰੀਬਾਂ ਅਤੇ ਦਲਿਤਾਂ ਨਾਲ ਕਥਿਤ ਤੌਰ ‘ਤੇ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਜਸ਼ਨਦੀਪ 12ਵੀਂ ਜਮਾਤ ਦਾ ਵਿਦਿਆਰਥੀ ਅਤੇ ਹਾਕੀ ਦਾ ਖਿਡਾਰੀ ਸੀ। ਉਨ੍ਹਾਂ ਦੇ ਦੋਸ਼ਾਂ ਅਨੁਸਾਰ, ਐੱਸ.ਐੱਚ.ਓ. ਗੁਰਮੀਤ ਸਿੰਘ ਉਸ ਨੂੰ ਬਿਨਾਂ ਕਿਸੇ ਕਸੂਰ ਦੇ ਘਰੋਂ ਚੁੱਕ ਕੇ ਥਾਣੇ ਲੈ ਗਿਆ, ਜਿੱਥੇ ਦੋ ਦਿਨ ਅਤੇ ਇੱਕ ਰਾਤ ਤੱਕ ਉਸ ਨਾਲ ਕਥਿਤ ਤੌਰ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨ ਤੋਂ ਜ਼ਬਰਦਸਤੀ 100 ਡੰਡ-ਬੈਠਕਾਂ ਕਢਵਾਈਆਂ ਗਈਆਂ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।

ਅੰਗੁਰਾਲ ਅਨੁਸਾਰ, ਤਸ਼ੱਦਦ ਦੌਰਾਨ ਉਸ ਦੇ ਮੂੰਹ ਵਿੱਚ ਪਾਇਆ ਗਿਆ ਪਦਾਰਥ ਫੇਫੜਿਆਂ ਵਿੱਚ ਚਲਾ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਇਨਫੈਕਸ਼ਨ ਹੋ ਗਿਆ। ਪਰਿਵਾਰ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਥਾਣੇਦਾਰ ਨੇ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦਾ ਝੂਠਾ ਕੇਸ ਨੌਜਵਾਨ ਉੱਤੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਦੀਆਂ ਔਰਤਾਂ ਜਸ਼ਨਦੀਪ ਨੂੰ ਛੁਡਵਾਉਣ ਲਈ ਥਾਣੇ ਗਈਆਂ ਤਾਂ ਉਨ੍ਹਾਂ ਨਾਲ ਵੀ ਕਥਿਤ ਤੌਰ ‘ਤੇ ਬਦਸਲੂਕੀ ਕੀਤੀ ਗਈ। ਪਰਿਵਾਰ ਜਦੋਂ ਉਸ ਨੂੰ ਘਰ ਲੈ ਕੇ ਆਇਆ ਤਾਂ ਉਹ ਲਗਾਤਾਰ ਉਲਟੀਆਂ ਕਰ ਰਿਹਾ ਸੀ। ਬਾਅਦ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਦੋ ਦਿਨਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।

ਦਾਗ਼ੀ ਅਧਿਕਾਰੀ ਨੂੰ ਕਿਸ ਦੀ ਸਰਪ੍ਰਸਤੀ ਹਾਸਲ ਹੈ?

ਸ਼ੀਤਲ ਅੰਗੁਰਾਲ ਨੇ ਦੋਸ਼ ਲਗਾਇਆ ਕਿ ਐੱਸ.ਐੱਚ.ਓ. ਗੁਰਮੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨੌਜਵਾਨਾਂ ਦੇ ਕੰਨਾਂ ਦੇ ਪਰਦੇ ਫਾੜਨ, ਫੇਫੜਿਆਂ ਵਿੱਚ ਪਾਣੀ ਭਰਨ ਅਤੇ ਰੀੜ੍ਹ ਦੀ ਹੱਡੀ ਤੋੜ ਕੇ ਅਪਾਹਜ ਬਣਾਉਣ ਵਰਗੇ ਗੰਭੀਰ ਇਲਜ਼ਾਮ ਲੱਗਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਧਿਕਾਰੀ ਕਥਿਤ ਤੌਰ ‘ਤੇ ਆਪਣੀ ਧੱਕੇਸ਼ਾਹੀ ਦਾ ਪ੍ਰਗਟਾਵਾ ਕਰਦਿਆਂ ਕਹਿੰਦਾ ਸੀ ਕਿ “ਮੁਝ ਵਿੱਚ ਭੈਰੋਂ ਆਉਂਦਾ ਹੈ ਅਤੇ ਜਦੋਂ ਆਉਂਦਾ ਹੈ ਤਾਂ ਮੈਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਕੁੱਟਮਾਰ ਕਰਦਾ ਹਾਂ।” ਇਸ ਤੋਂ ਇਲਾਵਾ ਉਹ ਕਹਿੰਦਾ ਸੀ ਕਿ “ਮੈਂ ਕੁੱਟਦਾ ਵੀ ਹਾਂ, ਪੈਸੇ ਵੀ ਲੈਂਦਾ ਹਾਂ ਅਤੇ ਪਰਚਾ ਵੀ ਦਰਜ ਕਰਦਾ ਹਾਂ।”

ਅੰਗੁਰਾਲ ਨੇ ਸਵਾਲ ਉਠਾਇਆ ਕਿ ਅਜਿਹੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਧਿਕਾਰੀ ਨੂੰ ਜੇਲ੍ਹ ਭੇਜਣ ਦੀ ਬਜਾਏ ਕਿਸ ਦੀ ਸਰਪ੍ਰਸਤੀ ਹੇਠ ਤਰੱਕੀਆਂ ਦਿੱਤੀਆਂ ਜਾਂਦੀਆਂ ਰਹੀਆਂ? ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਥਾਣੇਦਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਭਾਜਪਾ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਸੰਘਰਸ਼ ਵਿੱਢਿਆ ਜਾਵੇਗਾ।