ਕੇਜਰੀਵਾਲ ਦਾ ਦੋਗਲਾ ਚਿਹਰਾ ਬੇਨਕਾਬ, ਦਿੱਲੀ ਤੋਂ ਬਾਅਦ ਹੁਣ ਪੰਜਾਬ ਨੂੰ ਵੀ ਲੁੱਟ ਰਹੀ ਹੈ ‘ਆਪ’ ਸਰਕਾਰ: ਵਿਜੇ ਸਾਂਪਲਾ

8 ਕਰੋੜ ਦੇ ਸ਼ੁਰੂਆਤੀ ਬਜਟ ਵਾਲਾ ਸ਼ੀਸ਼ ਮਹਿਲ 58.83 ਕਰੋੜ ਤੱਕ ਪਹੁੰਚਿਆ, ਮਹਿੰਗੇ ਝੂਮਰਾਂ, ਪਰਦਿਆਂ ਅਤੇ ਐਸ਼ੋ-ਆਰਾਮ ਦੀਆਂ ਵਸਤਾਂ ’ਤੇ ਕਰੋੜਾਂ ਖਰਚਣ ਦੇ ਲਗਾਏ ਦੋਸ਼

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) – ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦੋਗਲਾ ਚਿਹਰਾ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਆ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨਿਵਾਸ ਨੂੰ ਲੋਕਾਂ ਲਈ ਖੋਲ੍ਹੇ ਜਾਣ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਨੇ ਕੇਜਰੀਵਾਲ ਦੇ ਸਾਦਗੀ ਅਤੇ ਇਮਾਨਦਾਰੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਪ੍ਰਤੀਕਿਰਿਆ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਦਿੱਤੀ।

ਵਿਜੇ ਸਾਂਪਲਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਰਕਾਰੀ ਬੰਗਲਾ ਨਾ ਲੈਣ, ਵੈਗਨਆਰ ਕਾਰ ਵਿੱਚ ਸਫ਼ਰ ਕਰਨ ਅਤੇ ਵੀਆਈਪੀ ਸੱਭਿਆਚਾਰ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਸਨ, ਪਰ ਅੱਜ ਉਨ੍ਹਾਂ ਦੇ ਸ਼ੀਸ਼ ਮਹਿਲ ਦੀਆਂ ਤਸਵੀਰਾਂ ਉਨ੍ਹਾਂ ਦੇ ਦਾਅਵਿਆਂ ਦੀ ਅਸਲੀਅਤ ਬਿਆਨ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਨੂੰ ਵੀ ਇਸੇ ਤਰ੍ਹਾਂ ਲੁੱਟਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸ਼ੀਸ਼ ਮਹਿਲ ਦੇ ਨਿਰਮਾਣ ਅਤੇ ਨਵੀਨੀਕਰਨ ਲਈ 8 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਸੀ, ਪਰ ਇਸ ਦੀ ਲਾਗਤ ਵਧ ਕੇ 58.83 ਕਰੋੜ ਰੁਪਏ ਤੱਕ ਪਹੁੰਚ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਨਿਵਾਸ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਮਾਡਿਊਲਰ ਰਸੋਈ, 88 ਲੱਖ ਰੁਪਏ ਤੱਕ ਦੇ ਝੂਮਰ, 95 ਲੱਖ ਰੁਪਏ ਦੇ ਪਰਦੇ, 6 ਲੱਖ ਦਾ ਜੈਕੂਜ਼ੀ, 10 ਲੱਖ ਰੁਪਏ ਦਾ ਸੋਨਾ ਅਤੇ 14 ਲੱਖ ਰੁਪਏ ਦੀ ਟ੍ਰੈਡਮਿਲ ਵਰਗੀਆਂ ਮਹਿੰਗੀਆਂ ਵਸਤਾਂ ਲਗਾਈਆਂ ਗਈਆਂ।

ਸਾਂਪਲਾ ਨੇ ਕਿਹਾ ਕਿ ਕੈਗ ਦੀ ਰਿਪੋਰਟ ਅਨੁਸਾਰ ਨਵੀਨੀਕਰਨ ਦਾ ਖਰਚਾ 33.66 ਕਰੋੜ ਰੁਪਏ ਰਿਹਾ, ਜਦਕਿ ਇਸ ਦਾ ਸ਼ੁਰੂਆਤੀ ਅਨੁਮਾਨ 7.91 ਕਰੋੜ ਰੁਪਏ ਸੀ। ਇਸ ਵਿੱਚੋਂ 18.88 ਕਰੋੜ ਰੁਪਏ ਮਹਿੰਗੀਆਂ ਅਤੇ ਸਜਾਵਟੀ ਵਸਤਾਂ ਉੱਤੇ ਖਰਚ ਕੀਤੇ ਗਏ।

ਉਨ੍ਹਾਂ ਕਿਹਾ ਕਿ ਜਿਹੜੇ ਕੇਜਰੀਵਾਲ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਇਮਾਨਦਾਰੀ ਦੇ ਸਰਟੀਫਿਕੇਟ ਵੰਡਦੇ ਸਨ, ਅੱਜ ਉਨ੍ਹਾਂ ਦੀ ਆਪਣੀ ਕਾਰਜਸ਼ੈਲੀ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਦੋਹਰੇ ਚਿਹਰੇ ਨੂੰ ਪਛਾਣ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਦੇਣਗੇ।