ਜਲੰਧਰ (ਸੁਰਿੰਦਰ ਸ਼ਰਮਾ) : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਭਵਿਆਤਮਕ ਸੇਵਾ ਸਮਾਗਮ ਤਹਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਅਤੇ ਨਾਲ ਹੀ ਵਿਸ਼ਾਲ ਖੂਨਦਾਨ ਕੈਂਪ ਮਿਤੀ 22 ਜਨਵਰੀ 2026 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਡਾਕਟਰ ਬੀ. ਆਰ. ਅੰਬੇਦਕਰ ਭਵਨ, ਜ਼ਿਲ੍ਹਾ ਭਲਾਈ ਦਫ਼ਤਰ, ਲਾਡੋ ਵਾਲੀ ਰੋਡ, ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਅੰਬੇਦਕਰ ਸੈਨਾ ਪੰਜਾਬ (ਰਜਿ.) ਵੱਲੋਂ ਆਪ ਜੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਪਾਵਨ ਅਤੇ ਲੋਕ-ਹਿਤੈਸ਼ੀ ਕੈਂਪ ਦਾ ਉਦਘਾਟਨ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਆਪਣੇ ਕਰਕਮਲਾਂ ਨਾਲ ਕਰਨਗੇ। ਆਯੋਜਕਾਂ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਨੁੱਖਤਾ, ਸੇਵਾ ਅਤੇ ਸਮਾਨਤਾ ਦੇ ਸੰਦੇਸ਼ ਨੂੰ ਅਮਲੀ ਰੂਪ ਵਿੱਚ ਅੱਗੇ ਵਧਾਉਣਾ ਹੈ, ਤਾਂ ਜੋ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਿਹਤ ਸੰਬੰਧੀ ਮੁਫ਼ਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਅਪਰੇਸ਼ਨ ਦੀ ਲੋੜ ਹੋਵੇਗੀ, ਉਨ੍ਹਾਂ ਦਾ ਮੁਫ਼ਤ ਇਲਾਜ ਅਤੇ ਅਪਰੇਸ਼ਨ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਖੂਨਦਾਨ ਕੈਂਪ ਰਾਹੀਂ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਅਨੇਕਾਂ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ।ਇਸ ਮੌਕੇ ਅੰਬੇਦਕਰ ਸੈਨਾ ਪੰਜਾਬ (ਰਜਿ.) ਵੱਲੋਂ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਮੁੱਖ ਸੰਪਾਦਕ ਸਰਦਾਰ ਅਮਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਨਿਮੰਤਰਣ ਪੱਤਰ ਦੇ ਕੇ ਇਸ ਕੈਂਪ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।ਇਸ ਮੌਕੇ Y.R ਜਲੋਟਾ, ਪੰਕਜ ਠਾਕੁਰ, ਜੀਵਨ ਜਯੋਤੀ ਟੰਡਨ, ਅਜੇ ਪਾਵਰ, ਦੀਪਕ ਕੁਮਾਰ, ਸੰਜੂ ਸੂਰੀ, ਰਮਨ ਕੁਮਾਰ, ਸਰਬਜੀਤ ਸਿੰਘ ਆਦਿ ਸ਼ਾਮਿਲ ਸਨ। ਆਯੋਜਕਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨਾਲ ਇਸ ਪਾਵਨ ਉਪਰਾਲੇ ਦੀ ਸ਼ੋਭਾ ਹੋਰ ਵੀ ਵਧੇਗੀ ਅਤੇ ਸਮਾਜ ਵਿੱਚ ਸੇਵਾ ਭਾਵਨਾ ਨੂੰ ਨਵਾਂ ਹੁਲਾਰਾ ਮਿਲੇਗਾ।