
Skip to content
ਜਲੰਧਰ (ਪਰਦੀਪ ਕੰਗ) : ‘ਪੰਜਾਬ ਕੇਸਰੀ’ ਅਖ਼ਬਾਰ ਦੇ ਪ੍ਰਕਾਸ਼ਨ ਨੂੰ ਲੈ ਕੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਫੈਸਲਾ ਪ੍ਰੈਸ ਦੀ ਆਜ਼ਾਦੀ ਦੀ ਵੱਡੀ ਜਿੱਤ ਹੈ। ਇਹ ਗੱਲ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਕਹੀ।ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਖ਼ਬਾਰਾਂ ਨੂੰ ਦਬਾਉਣ ਦੀ ਕੋਈ ਵੀ ਕੋਸ਼ਿਸ਼ ਕਬੂਲਯੋਗ ਨਹੀਂ। ਅਦਾਲਤ ਵੱਲੋਂ ‘ਪੰਜਾਬ ਕੇਸਰੀ’ ਨੂੰ ਦਿੱਤੀ ਗਈ ਅੰਤਰਿਮ ਰਾਹਤ ਇਹ ਸਾਬਤ ਕਰਦੀ ਹੈ ਕਿ ਲੋਕਤੰਤਰ ਵਿੱਚ ਪ੍ਰੈਸ ਦੀ ਆਜ਼ਾਦੀ ਸਭ ਤੋਂ ਵੱਡੀ ਤਾਕਤ ਹੈ।ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਅਖ਼ਬਾਰ ਦੀ ਪ੍ਰਿੰਟਿੰਗ ਪ੍ਰੈੱਸ ਬਿਨਾਂ ਕਿਸੇ ਰੁਕਾਵਟ ਦੇ ਚੱਲਦੀ ਰਹੇਗੀ ਅਤੇ ਪੰਜਾਬ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਹ ਫੈਸਲਾ ਉਹਨਾਂ ਸਰਕਾਰਾਂ ਲਈ ਸਖ਼ਤ ਸੰਦੇਸ਼ ਹੈ ਜੋ ਅਸਹਿਮਤ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ।ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਰਾਜਨੀਤੀ ਤੋਂ ਉੱਪਰ ਉੱਠ ਕੇ ਪ੍ਰੈਸ ਦੀ ਆਜ਼ਾਦੀ ਲਈ ਖੜੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਪੰਜਾਬ ਕੇਸਰੀ’ ਨੇ ਹਮੇਸ਼ਾ ਹੀ ਬੇਖੌਫ਼ ਹੋ ਕੇ ਸੱਚ ਦੀ ਆਵਾਜ਼ ਉਠਾਈ ਹੈ ਅਤੇ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਇਸੇ ਕਾਰਨ ਉਸਨੂੰ ਨਿਸ਼ਾਨਾ ਬਣਾਇਆ ਗਿਆ।ਉਨ੍ਹਾਂ ਕਿਹਾ ਕਿ ‘ਪੰਜਾਬ ਕੇਸਰੀ’ ਨੇ ਬੇਝਿਜਕ ਹੋ ਕੇ ਸਰਕਾਰ ਦੀਆਂ ਨਾਕਾਮੀਆਂ ਅਤੇ ਗਲਤ ਨੀਤੀਆਂ ਦੇ ਖ਼ਿਲਾਫ਼ ਆਵਾਜ਼ ਚੁੱਕੀ ਹੈ, ਜੋ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ਪ੍ਰਦੂਸ਼ਣ ਜਾਂ ਕਿਸੇ ਹੋਰ ਬਹਾਨੇ ਦੇ ਨਾਂ ’ਤੇ ਅਖ਼ਬਾਰਾਂ ਨੂੰ ਬੰਦ ਕਰਨ ਦੀ ਸੋਚ ਲੋਕਤੰਤਰ ਵਿਰੋਧੀ ਹੈ।ਅੰਤ ਵਿੱਚ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਉਹ ‘ਪੰਜਾਬ ਕੇਸਰੀ’ ਦੇ ਨਾਲ ਡਟ ਕੇ ਖੜੇ ਹਨ ਅਤੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਲਈ ਹਰ ਲੋਕਤੰਤਰਕ ਲੜਾਈ ਲੜੀ ਜਾਵੇਗੀ।Related