ਜਲੰਧਰ (ਜੀਵਨ ਜਯੋਤੀ ਟੰਡਨ) : ਸਮਾਜਿਕ ਜ਼ਿੰਮੇਵਾਰੀ ਅਤੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨੂੰ ਅੱਗੇ ਵਧਾਉਂਦੇ ਹੋਏ Golden Buds School ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸੇਵਾ ਸਮਾਗਮ KMH Hospital ਦੇ ਸਹਿਯੋਗ ਨਾਲ ਅੰਬੇਡਕਰ ਕਾਲੋਨੀ, ਵਰਿਆਣਾ ਵਿਖੇ ਬੜੇ ਉਤਸ਼ਾਹ ਨਾਲ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਕਮੀ ਨੂੰ ਪੂਰਾ ਕਰਨਾ ਸੀ।ਇਹ ਕੈਂਪ ਅੱਜ 14 ਫਰਵਰੀ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਦੌਰਾਨ ਇਲਾਕੇ ਦੇ ਨੌਜਵਾਨਾਂ, ਸਮਾਜ ਸੇਵੀਆਂ, ਮਹਿਲਾਵਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਕੈਂਪ ਵਿੱਚ ਪਹੁੰਚੇ ਹਰ ਦਾਨੀ ਦੀ ਡਾਕਟਰੀ ਟੀਮ ਵੱਲੋਂ ਪੂਰੀ ਜਾਂਚ ਕੀਤੀ ਗਈ ਅਤੇ ਸੁਰੱਖਿਅਤ ਢੰਗ ਨਾਲ ਖੂਨ ਇਕੱਠਾ ਕੀਤਾ ਗਿਆ। ਸਾਰੇ ਦਾਨੀਆਂ ਨੂੰ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੀ ਦਿੱਤੇ ਗਏ।ਇਸ ਮੌਕੇ ਡਾਕਟਰੀ ਦੇਖ-ਰੇਖ ਹੇਠ Dr. Rant Dev (ਨਿਊਰੋਥੈਰਾਪਿਸਟ, ਵੈੱਲਨੈੱਸ ਨਿਊਰੋਥੈਰਪੀ ਅਤੇ ਫਿਜਿਓਥੈਰਪੀ ਸੈਂਟਰ) ਨੇ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ “ਇੱਕ ਯੂਨਿਟ ਖੂਨ ਤਿੰਨ ਤੋਂ ਚਾਰ ਜਿੰਦਗੀਆਂ ਬਚਾ ਸਕਦਾ ਹੈ। ਹਰ ਸਿਹਤਮੰਦ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਖੂਨਦਾਨ ਨਾਲ ਸਿਹਤ ‘ਤੇ ਕੋਈ ਨੁਕਸਾਨ ਨਹੀਂ ਹੁੰਦਾ, ਬਲਕਿ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਅਤੇ ਤੰਦਰੁਸਤੀ ਵਧਦੀ ਹੈ।ਕੈਂਪ ਦੇ ਸਫਲ ਆਯੋਜਨ ਵਿੱਚ Tera Tera Hatti ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਨਾਲ ਸਮਾਜ ਵਿੱਚ ਸੇਵਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੇ ਕੰਮਾਂ ਵੱਲ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ “ਤੁਹਾਡਾ ਇੱਕ ਛੋਟਾ ਕਦਮ ਕਿਸੇ ਦੀ ਕੀਮਤੀ ਜ਼ਿੰਦਗੀ ਬਚਾ ਸਕਦਾ ਹੈ।”ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਸ਼ਿਰਕਤ ਕਰਦੇ ਹੋਏ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਸਕੂਲ ਅਤੇ ਸਹਿਯੋਗੀ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਲਈ ਪ੍ਰੇਰਣਾ ਬਣਦੇ ਹਨ। ਇਸ ਦੌਰਾਨ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਤੀਜੇ ਅਭਿਸ਼ੇਕ, 13-13 ਹੱਟੀ ਦੇ ਸਰਪ੍ਰਸਤ ਤਰਵਿੰਦਰ ਸਿੰਘ, ਹਰਤਰਮਨ ਅਤੇ ਦਵਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ।ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਸੀਪਲ ਰੇਨੂ ਵਧਾਵਨ, ਕੋਆਰਡੀਨੇਟਰ ਗਗਨਦੀਪ ਕੌਰ ਅਤੇ ਸਟਾਫ ਮੈਂਬਰ ਰੁਪਿੰਦਰ ਕੌਰ, ਪਰਮਜੀਤ ਕੌਰ, ਗੂੰਜੀਤ ਕੌਰ, ਹਰਪ੍ਰੀਤ ਕੌਰ, ਕੋਮਲ ਮਨੋਚਾ, ਪੂਨਮ ਭਾਰਦਵਾਜ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਮਯਾਨਤਾ ਪਠਾਨੀਆ, ਮੁਸਕਾਨ ਡਬ ਆਦਿ ਨੇ ਕੈਂਪ ਦੀ ਤਿਆਰੀ ਅਤੇ ਪ੍ਰਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਅੰਤ ਵਿੱਚ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਸੰਕਲਪ ਲਿਆ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਨਿਯਮਿਤ ਤੌਰ ‘ਤੇ ਜਾਰੀ ਰੱਖੇ ਜਾਣਗੇ, ਤਾਂ ਜੋ ਸਮਾਜ ਵਿੱਚ ਸਹਿਯੋਗ, ਦਇਆ ਅਤੇ ਮਨੁੱਖਤਾ ਦੀ ਭਾਵਨਾ ਹੋਰ ਮਜ਼ਬੂਤ ਹੋ ਸਕੇ।