ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਵੰਡਣ ਤੋਂ ਬਾਅਦ ਮੁੜ ਵਸੇਬਾ ਕੈਂਪ ਲਗਾਕੇ ਬੈਠੀ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਹੜ੍ਹਾਂ ਨਾਲ ਹੋਈ ਖ਼ਰਾਬ ਹੋਈ ਜ਼ਮੀਨਾਂ ਨੂੰ ਪੱਧਰਾ ਕਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਹਜ਼ਾਰਾ ਸਿੰਘ ਵਾਲਾ ਦੀ ਹਿੰਦ-ਪਾਕਿ ਸਰਹੱਦ ਦੇ ਨਾਲ ਲੱਗਦੀ ਜ਼ਮੀਨ ਉੱਤੇ ਕੰਮ ਸ਼ੁਰੂ ਕਰਵਾਉਂਦਿਆਂ ਹੰਭਲਾ ਫਾਊਂਡੇਸ਼ਨ ਪੰਜਾਬ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਪੀ ਕੇ, ਤਰਲੋਚਨ ਮੁਸਾਫ਼ਿਰ, ਜਗਦੀਪ ਵੜਿੰਗ, ਕੰਵਲਜੀਤ ਕੌਰ ਬਰਾੜ ਨੇ ਕਿਹਾ ਕਿ ਅਸੀਂ ਆਪਣੀ ਸੰਸਥਾ ਵੱਲੋਂ ਜਿੰਨੀ ਹੋ ਸਕੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੁੰਦੇ ਹਾਂ। ਓਹਨਾ ਕਿਹਾ ਕਿ ਉਹ ਓਦੋਂ ਕੈਂਪ ਲਗਾ ਕੇ ਬੈਠੇ ਹਨ ਜਦੋਂ ਹੜ੍ਹ ਪੀੜ੍ਹਤਾਂ ਨੂੰ ਅਸਲੀ ਮਦਦ ਦੀ ਲੋੜ ਹੈ। ਓਹਨਾ ਇਹ ਵੀ ਕਿਹਾ ਕਿ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਕਈ ਸੰਸਥਾਵਾਂ ਯਤਨਸ਼ੀਲ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਹਨਾਂ ਕਿਸਾਨਾਂ, ਮਜ਼ਦੂਰਾਂ ਦੇ ਚੇਹਰਿਆਂ ‘ਤੇ ਖੁਸ਼ੀ ਮੋੜ ਲਿਆਵਾਂਗੇ। ਫਾਊਂਡੇਸ਼ਨ ਦੇ ਆਗੂਆਂ ਕਿਹਾ ਕਿ ਉਹ ਯੋਜਨਾਬੱਧ ਤਰੀਕੇ ਨਾਲ ਹੀ ਕੰਮ ਕਰ ਰਹੇ ਹਨ। ਟੀਮ ਵੱਲੋਂ ਪਹਿਲਾਂ ਪੂਰਾ ਸਰਵੇ ਕੀਤਾ ਗਿਆ ਹੈ ਅਤੇ ਹੁਣ ਕੰਮ ਸ਼ੁਰੂ ਕਰਨ ਜਾ ਰਹੇ ਹਨ। ਓਹਨਾ ਇਹ ਵੀ ਕਿਹਾ ਕਿ ਸੰਸਥਾ ਦੀ ਟੀਮ ਘਰਾਂ ਵਿੱਚ ਜਾ ਕੇ ਪਸ਼ੂਆਂ ਦੀ ਲੋੜੀਂਦੀ ਖ਼ੁਰਾਕ ਆਦਿ ਦਾ ਵੀ ਪਤਾ ਕਰਦੇ ਹਨ ਅਤੇ ਫਿਰ ਲੋੜਵੰਦ ਲੋਕਾਂ ਨੂੰ ਹੀ ਫੀਡ, ਚਾਰਾ ਆਦਿ ਦੇ ਰਹੇ ਹਨ। ਹੰਭਲਾ ਫਾਉਂਡੇਸ਼ਨ ਦੇ ਆਗੂਆਂ ਨੇ ਕਿਹਾ ਕਿ ਉਹ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਨ ਕਿ ਸੇਵਾ ਲਈ ਪੁੱਜ ਰਹੇ ਦਾਨੀਆਂ ਨੂੰ ਨਿਮਰਤਾ ਨਾਲ ਪੇਸ਼ ਆਇਆ ਜਾਵੇ, ਜਿਸ ਨਾਲ ਚੰਗਾ ਸੁਨੇਹਾ ਜਾਵੇ ਅਤੇ ਵੱਧ ਤੋਂ ਵੱਧ ਲੋਕ ਹੜ੍ਹ ਪੀੜ੍ਹਤਾਂ ਦੀ ਹਮਾਇਤ ਵਿੱਚ ਪੁੱਜ ਸਕਣ। ਹੰਭਲਾ ਫਾਉਂਡੇਸ਼ਨ ਪੰਜਾਬ ਵੱਲੋਂ ਅਰੰਭੇ ਇਸ ਕਾਰਜ ਦੀ ਚੁਫੇਰਿਓਂ ਤਰੀਫ਼ ਹੋ ਰਹੀ ਹੈ।