ਜਲੰਧਰ (ਪਰਮਜੀਤ ਸਿੰਘ ਨੈਣਾ) : ਭਾਰਤੀ ਤਿਉਹਾਰਾਂ ਵਿੱਚੋਂ ਦੀਵਾਲੀ ਦੇ ਤਿਉਹਾਰ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਇਸ ਦਿਨ ਹੀ ਭਗਵਾਨ ਸ੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਬਤੀਤ ਕਰਨ ਉਪ੍ਰੰਤ ਆਪਣੇ ਭ੍ਰਾਤਾ ਲਛਮਣ ਅਤੇ ਧਰਮ ਪਤਨੀ ਸੀਤਾ ਜੀ ਸਹਿਤ ਅਯੁਧਿਆ ਵਾਪਸ ਪਰਤੇ ਸਨ ਅਤੇ ਨਗਰ ਨਿਵਾਸੀਆਂ ਨੇ ਅਪਾਰ ਖੁਸ਼ੀ ਵਿਚ ਘਰ-ਘਰ ਘਿਉ ਦੇ ਦੀਪ ਜਗਾਏ ਸਨ। ਪ੍ਰਾਚੀਨ ਭਾਰਤ ਦੇ ਸਰਵੋਤਮ ਤੇ ਕੁਸ਼ਲ ਇੰਜੀਨੀਅਰ ਬਾਬਾ ਵਿਸ਼ਕਰਮਾ ਜੀ ਅਤੇ ਜੈਨ ਮਤ ਦੇ ਸੰਸਥਾਪਕ ਤੇ ਪ੍ਰਮੁੱਖ ਅਚਾਰੀਆ ਸ੍ਰੀ ਵਰਧਮਾਨ ਮਹਾਂਵੀਰ ਜੀ ਦਾ ਜਨਮ ਉਤਸਵ ਹੋਣ ਕਰਕੇ ਵੀ ਦੀਵਾਲੀ ਖਾਸ ਮਹਾਨਤਾ ਰੱਖਦੀ ਹੈ। ਇਸੇ ਮਹਾਨ ਦਿਨ ‘ਤੇ ਰਾਜਾ ਬਿਕ੍ਰਮਾਦਿੱਤ (ਜਿਨ੍ਹਾਂ ਦੇ ਨਾਮ ‘ਤੇ ਬਿਕ੍ਰਮੀ ਸੰਮਤ ਚਾਲੂ ਹੋਇਆ) ਰਾਜਗੱਦੀ ਉਤੇ ਬੈਠੇ ਸਨ। ਇਸੇ ਦਿਨ ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਮਾਮੇ ਕੰਸ ਨੂੰ ਮਾਰਕੇ ਮਾਤਾ-ਪਿਤਾ ‘ਤੇ ਕੀਤੇ ਜ਼ੁਲਮਾਂ ਦਾ ਬਦਲਾ ਲਿਆ ਸੀ। ਸ੍ਰੀ ਹਨੂੰਮਾਨ ਜੀ ਦਾ ਜਨਮ ਵੀ ਇਸੇ ਰਾਤ ਦਾ ਹੀ ਦੱਸਦੇ ਹਨ। ਸ਼ਿਵ ਜੀ ਪਾਰਬਤੀ ਅਤੇ ਪਾਂਡਵਾਂ ਨਾਲ ਵੀ ਦੀਵਾਲੀ ਦੇ ਸਬੰਧ ਵਿਚ ਕਈ ਘਟਨਾਵਾਂ ਜੁੜੀਆਂ ਹੋਈਆਂ ਹਨ। ਦੀਵਾਲੀ ਦਾ ਸਿੱਖ ਇਤਿਹਾਸ ਨਾਲ ਵੀ ਗਹਿਰਾ ਸੰਬੰਧ ਜੁੜ ਗਿਆ ਹੈ। ਇਸ ਦਿਨ ਬੀਤੀਆਂ ਕੁਝ ਵਿਸ਼ੇਸ਼ ਘਟਨਾਵਾਂ ਸਾਨੂੰ ਹਰ ਸਾਲ ਰੱਤ ਰੰਗੇ ਸਿੱਖ ਇਤਿਹਾਸ ਦੀ ਯਾਦ ਤਾਜ਼ਾ ਕਰਾਂਦੀਆਂ ਹਨ, ਖ਼ਾਲਸਾਈ ਖੂਨ ਖੋਲ ਉਠਦਾ ਹੈ ਅਤੇ ਦੇਸ਼-ਧਰਮ ਤੇ ਮਨੁੱਖਤਾ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਅੰਗੜਾਈਆਂ ਲੈਣ ਲਗ ਜਾਂਦੀ ਹੈ। ਸਿਫਤੀ ਦੇ ਘਰ- ਅੰਮ੍ਰਿਤਸਰ ਦੀ ਦੀਵਾਲੀ ਕੁਲ ਭਾਰਤ ਲਈ ਇਕ ਖਾਸ ਆਕ੍ਰਸ਼ਣ ਰੱਖਦੀ ਹੈ। ਇਸ ਦਿਨ ਗੁਰੂ ਕੀ ਨਗਰੀ ਵਿਖੇ ਵਿਸ਼ੇਸ਼ ਉਤਸ਼ਾਹ ਤੇ ਨਜ਼ਾਰਾ ਵੇਖਣ ਵਿਚ ਆਉਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਰਪੂਰ ਦੀਪਮਾਲਾ ਕੀਤੀ ਜਾਂਦੀ ਹੈ ਤੇ ਸਾਰੀ ਰਾਤ ਖੂਬ ਆਤਸ਼ਬਾਜ਼ੀ ਚੱਲਦੀ ਹੈ। ਮੈਮਬੱਤੀਆਂ, ਦੀਵਿਆਂ ਤੇ ਰੰਗ-ਬਿਰੰਗੇ ਲਾਟੂਆਂ ਦੀਆਂ ਲੜੀਆਂ ਦੇ ਅਕਸ ਗੁਰੂ ਰਾਮਦਾਸ ਸਰੋਵਰ ਵਿਚ ਝਿਲਮਿਲ-ਝਿਲਮਿਲ ਕਰਦੇ ਇਕ ਅਜਿਹਾ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ ਕਿ ਸਾਰਾ ਵਾਤਾਵਰਣ ਹੀ ਇਕ ਅਜੀਬ ਜਿਹੇ ਨਸ਼ੇ ਵਿਚ ਗੜੂੰਦਿਆ ਜਾਂਦਾ ਹੈ। ਇੰਝ ਲੱਗਣ ਲਗ ਜਾਂਦਾ ਹੈ ਕਿ ਜਿਵੇਂ ਸਵਰਗਾਂ ਤੋਂ ਕੁਲ ਦੇਵੀ ਦੇਵਤੇ ਇਕੱਠੇ ਹੋ ਕੇ ਗੁਰੂ ਰਾਮਦਾਸ ਸਰੋਵਰ ਵਿਚ ਚੁੱਭਾ ਲਾਣ ਅਤੇ (ਚੌਥੇ) ਨਾਨਕ ਨਿਰੰਕਾਰੀ ਦੇ ਨੂਰਾਨੀ ਦਰਬਾਰ ਦੇ ਚਰਨ ਪਰਸਣ ਲਈ ਆ ਪੁੱਜੇ ਹੋਣ। ਇਸ ਸਮੇ “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਦੀ ਪੰਗਤੀ ਪ੍ਰਤੱਖ ਹੈ। ਭਾਈ ਗੁਰਦਾਸ ਜੀ ਦਾ ਵਾਕ- “ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਪੰਜਾਬ ਵਿਚ ਦੀਵਾਲੀ ਮਨਾਉਣ ਦਾ ਰਿਵਾਜ ਆਮ ਪੈ ਚੁੱਕਾ ਸੀ ਪ੍ਰੰਤੂ ਸਿੱਖਾਂ ਵਿਚ ਵਿਸ਼ੇਸ਼ ਉਤਸ਼ਾਹ ਨਾਲ ਦੀਵਾਲੀ ਮਨਾਉਣ ਦਾ ਕਾਰਣ ਸਿੱਖ ਇਤਿਹਾਸ ਦੀਆਂ ਹੇਠ ਲਿਖੀਆਂ ਪ੍ਰਮੁੱਖ ਘਟਨਾਵਾਂ ਬਣੀਆਂ:- ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਤੋਂ ਉਪ੍ਰੰਤ ਤਿਨ੍ਹਾਂ ਦੇ ਸਪੁੱਤਰ ਦਲ ਭੰਜਨ, ਗੁਰ ਸੂਰਮੇ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜ਼ਾਲਮ ਹਕੂਮਤ ਨਾਲ ਦੋ ਹੱਥ ਕਰਨ ਦਾ ਦ੍ਰਿੜ ਸੰਕਲਪ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਹੋਈ, ਸਿੱਖਾਂ ਨੂੰ ਸ਼ਸਤਰਬੰਧ ਹੋਣ ਅਤੇ ਬਸਤਰ ਜਾਂ ਘੋੜੇ ਆਦਿ ਦੀ ਭੇਟਾ ਲਿਆਉਣ ਦੇ ਫੁਰਮਾਨ ਜਾਰੀ ਹੋਏ, ਢਾਡੀਆਂ ਨੇ ਸੂਰਮਿਆਂ ਦੀਆਂ ਜੰਗੀ ਵਾਰਾਂ ਰੋਜ਼ਾਨਾ ਦੇ ਦੀਵਾਨ ਵਿਚ ਸੁਨਾਉਣੀਆ ਅਰੰਭ ਕਰ ਦਿੱਤੀਆਂ। ਪੰਜਾਬ ਦੇ ਅਲਬੇਲੇ ਗੱਭਰੂ ਡਾਢੇ ਚਾਓ ਨਾਲ ਗੁਰੂ ਸਾਹਿਬ ਦੀ ਫੌਜ ਵਿਚ ਭਰਤੀ ਹੋਣ ਲੱਗੇ। ਘੋੜਸਵਾਰੀ, ਤੀਰਅੰਦਾਜ਼ੀ, ਨੇਜ਼ੇ ਬਾਜ਼ੀ ਆਦਿ ਕਰਤਬਾਂ ਦੇ ਮੁਕਾਬਲੇ ਹੋਣ ਲੱਗੇ। ਨਗਾਰਿਆਂ ਦੀ ਘਨਘੋਰ, ਸੱਚੇ ਪਾਤਸ਼ਾਹ ਜੀ ਦੇ ਹੱਥ ਤੇ ਸੋਹਦਾ ਅੱਖੜਖਾਂਦ ਬਾਜ ਅਤੇ ਸੀਸ ‘ਤੇ ਸ਼ੋਭਨੀਕ ਸੁੰਦਰ ਤਾਜ ਆਦਿ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਵਿਚੋਂ ਹੀਣਤਾ ਦੀ ਭਾਵਨਾ ਨੂੰ ਦੂਰ ਕਰਕੇ ਦਲੇਰ, ਉਤਸ਼ਾਹੀ ਤੇ ਸੂਰਬੀਰ ਬਣਾ ਦਿੱਤਾ। ਸਮੇਂ ਦੀ ਹਕੂਮਤ ਇਹ ਸਭ ਕੁਝ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਅਤੇ ਉਸ ਨੇ ਗੁਰੂ ਜੀ ਨੂੰ ਨਜ਼ਰਬੰਦ ਕਰਨ ਵਿਚ ਹੀ ਆਪਣੀ ਭਲਾਈ ਸਮਝਣੀ ਕੀਤੀ। ਗੁਰੂ ਜੀ ਨੂੰ ਗਵਾਲੀਅਰ ਕਿਲੇ ਵਿੱਚ ਹੀ ਬੰਦੀ ਬਣਾ ਲਿਆ ਗਿਆ ਜਿੱਥੇ ਕਿ ਪਹਿਲਾਂ ਹੀ ਕਈ ਰਾਜਪੂਤ ਰਾਜੇ ਹਕੂਮਤ ਦਾ ਵਿਰੋਧ ਕਰਨ ਦੇ ਦੋਸ਼ ਨਜ਼ਰਬੰਦ ਕੀਤੇ ਹੋਏ ਸਨ।
ਲੇਖਕ : ਰਣਧੀਰ ਸਿੰਘ ਸੰਭਲ (ਯੂ.ਕੇ.)
ਗੁਰੂ ਜੀ ਦੀ ਅਕਾਰਣ ਨਜ਼ਰਬੰਦੀ ਵਿਰੁੱਧ ਸਿੱਖਾਂ ਵਿਚ ਰੋਸ ਦੀ ਲਹਿਰ ਪੈਦਾ ਹੋਣੀ ਕੁਦਰਤੀ ਸੀ, ਸਿੱਖ ਜੱਥੇ ਬੰਨ੍ਹ-ਬੰਨ੍ਹ ਕੇ ਗਵਾਲੀਅਰ ਜਾਂਦੇ ਅਤੇ ਨਮਸਕਾਰ ਕਰਕੇ ਵਾਪਸ ਆ ਜਾਂਦੇ। ਹਕੂਮਤ ਨੂੰ ਜਲਦੀ ਹੀ ਆਪਣੀ ਗਲਤੀ ਮਹਿਸੂਸ ਹੋ ਗਈ, ਸਾਈਂ ਮੀਆਂ ਮੀਰ ਜੀ, ਨੂਰਜਹਾਂ ਤੇ ਵਜ਼ੀਰ ਖਾਂ ਨੇ ਵੀ ਜ਼ੋਰ ਦਿੱਤਾ, ਸੋ ਗੁਰੂ ਜੀ ਦੀ ਰਿਹਾਈ ਦਾ ਹੁਕਮ ਜਾਰੀ ਹੋ ਗਿਆ। ਸਾਥੀ ਰਾਜਪੂਤ ਰਾਜਿਆਂ ਦੇ ਵਿਰਲਾਪ ਕਰਨ ‘ਤੇ ਇਤਨੀ ਛੋਟ ਮਿਲ ਗਈ ਕਿ ਜੋ ਰਾਜੇ ਗੁਰੂ ਜੀ ਦਾ ਲੜ ਪਕੜ ਕੇ ਨਿਕਲ ਸਕਦੇ ਹੋਣ, ਉਹ ਆਜ਼ਾਦ ਹੋ ਸਕਣਗੇ। ਸੋ ਗੁਰੂ ਜੀ ਨੇ ਬਵੰਜਾ ਕਲੀਆਂ ਵਾਲਾ ਵਿਸ਼ੇਸ਼ ਚੋਲਾ ਪਹਿਨਿਆ ਅਤੇ ਸਾਰੇ ਰਾਜਿਆਂ ਨੂੰ ਛੁਡਾ ਕੇ ਬਾਹਰ ਲੈ ਆਂਦਾ। ਇਸ ਦਿਨ ਤੋਂ ਹੀ ਆਪ ਜੀ ਦਾ ਨਾਮ “ਬੰਦੀਛੋੜ ਦਾਤਾ” ਪੈ ਗਿਆ। ਜਦੋਂ ਆਪ ਰਿਹਾ ਹੋ ਕੇ ਦੀਵਾਲੀ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਸਾਰੇ ਸ਼ਹਿਰ ਵਿਚ ਭਾਰੀ ਦੀਪਮਾਲਾ ਕੀਤੀ ਗਈ ਇਕ ਦੂਜੇ ਨੂੰ ਵਧਾਈ ਦਿੱਤੀ ਗਈ. ਮਿਠਾਈਆਂ ਵੰਡੀਆਂ ਗਈਆਂ ਅਤੇ ਪਟਾਖੇ ਆਦਿ ਚਲਾਏ ਗਏ। ਉਸ ਦਿਨ ਤੋਂ ਸ੍ਰੀ ਅੰਮ੍ਰਿਤਸਰ ਵਿਖੇ ਹਰ ਸਾਲ ਦੀਵਾਲੀ ਵਾਲੇ ਦਿਨ ਵਿਸ਼ੇਸ਼ ਦੀਵਾਨ ਸੱਜਣ ਲੱਗੇ ‘ਤੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ। ਗੱਲ ਕੀ, ਦੀਵਾਲੀ ਸਦਾ ਹੀ ਖ਼ਾਲਸੇ ਲਈ ਨਵੀਆਂ ਉਮੰਗਾਂ, ਭਾਵਨਾਵਾਂ ਅਤੇ ਇਤਿਹਾਸਕ ਘਟਨਾਵਾਂ ਲੈ ਕੇ ਆਉਂਦੀ ਰਹੀ ਹੈ। ਸਿੰਘਾਂ ਨੇ ਕੱਤਕ ਦੀ ਮੱਸਿਆ ਨੂੰ ਘਿਉ, ਤੇਲ ਦੀ ਥਾਂ ਖੂਨ ਦੇ ਦੀਵੇ ਮਚਾਕੇ ਅਤੇ ਬੱਤੀ ਦੀ ਥਾਂ ਆਪਾ ਵਾਰ ਕੇ ਰੌਸ਼ਨ ਕੀਤਾ ਹੈ ਤੇ ਇਸ ਤਿਉਹਾਰ ਨੂੰ ਇਕ ਅਦੁੱਤੀ ਦੇਣ ਦਿੱਤੀ ਹੈ। ਜੇਕਰ ਅੱਜ ਅਸੀਂ ਸ਼ਹੀਦਾਂ ਦੇ ਕਾਰਨਾਮਿਆਂ ਵਲੋਂ ਜਾਣ ਬੁੱਝ ਕੇ ਅਵੇਸਲੇ ਹੋਏ ਰਹੀਏ ਤਾਂ ਇਹ ਸਾਡੀ ਭਾਰੀ ਗਲਤੀ ਹੋਵੇਗੀ। ਕਿਥੇ ਪੁਰਾਤਨ ਸਿੰਘ ਸਿੱਖੀ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਲਈ ਹੱਸ-ਹੱਸਕੇ ਜਾਨਾਂ ਤਲੀ ‘ਤੇ ਕੁਰਬਾਨ ਕਰ ਦਿੰਦੇ ਰਹੇ, ਬੰਦ-ਬੰਦ ਕਟਵਾਦਿਆਂ ਵੀ ਮੱਥੇ ਵੱਟ ਨਾ ਪਾਇਆ ਤੇ ਕਿਥੇ ਸਾਡੀ ਅੱਜ ਦੀ ਯੁਵਾ ਪੀੜ੍ਹੀ ਜੋ ਆਪਣੇ ਗੋਰਵਮਈ ਵਿਰਸੇ ਨੂੰ ਭੁਲਾਕੇ ਸਿੱਖੀ ਤੋਂ ਬੇਮੁਖ ਹੋਈ ਜਾ ਰਹੀ ਹੈ ਅਤੇ ਗੁਰੂ ਜੀ ਦੀਆਂ ਬਖਸ਼ੀਆਂ ਅਮੋਲਕ ਦਾਤਾਂ ਨੂੰ ਤਿਲਾਂਜਲੀ ਦੇ ਰਹੀ ਹੈ। ਆਓ! ਅਸੀਂ ਸ਼ਹੀਦਾਂ ਦੇ ਪੂਰਨਿਆਂ ‘ਤੇ ਚੱਲਣ ਦਾ ਦ੍ਰਿੜ ਸੰਕਲਪ ਕਰੀਏ ਤੇ ਫਿਰ ਵੇਖਣਾ ਪੰਥ ਦੀ ਹਰ ਪਾਸੇ ਚੜ੍ਹਦੀ ਕਲਾ ਤੇ ਹਰ ਮੈਦਾਨ ਫ਼ਤਹ ਹੋਵੇਗੀ।