
Skip to content
ਜਲੰਧਰ (ਪਰਦੀਪ ਕੰਗ) –ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਅਤੇ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਦੇ ਸਮੂਹ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਤੋਂ ਅਰੰਭ ਸਿਖ਼ਰ-ਏ-ਇਬਾਦਤ ਪ੍ਰਭਾਤ ਫੇਰੀ ਗੁਰਦੁਆਰਾ ਪੱਕਾ ਬਾਗ਼ ਵਿਖੇ ਬਾਬਾ ਮੋਤੀ ਰਾਮ ਮਹਿਰਾ ਚੌਕ ਵਿਖੇ ਸਮਾਪਤ ਹੋਈ। ਨਿਰਾਲੀ ਛੱਬ, ਸ਼ਰਧਾ, ਪਿਆਰ ਅਤੇ ਗੁਰਬਾਣੀ ਕੀਰਤਨ ਨਾਲ ਲਬਰੇਜ਼ ਇਹ ਨਿਵੇਕਲੀ ਪ੍ਰਭਾਤ ਫੇਰੀ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੱਢੀ ਗਈ ਜਿਨ੍ਹਾਂ ਨੇ ਧਰਮ ਦੀ ਖਾਤਰ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਜਾਮ-ਏ-ਸ਼ਹਾਦਤ ਪੀਤਾ। ਜਲੰਧਰ ਸ਼ਹਿਰ ਦੇ ਇਤਿਹਾਸ ਵਿੱਚ ਕੱਢੀ ਗਈ ਇਸ ਪ੍ਰਭਾਤ ਫੇਰੀ ਦੀ ਖ਼ਾਸੀਅਤ ਇਹ ਸੀ ਕਿ ਤਕਰੀਬਨ 4-5 ਕਿਲੋਮੀਟਰ ਦੇ ਫਾਸਲੇ ਦੌਰਾਨ ਸੰਗਤਾਂ ਨੇ ਕੇਵਲ ਗੁਰਬਾਣੀ ਕੀਰਤਨ ਅਤੇ ਸ਼ਬਦ ਰੂਪੀ ਲੰਗਰ ਹੀ ਛੱਕਿਆ। ਪ੍ਰਭਾਤ ਫੇਰੀ ਦੇ ਸਭ ਤੋਂ ਅੱਗੇ ਨਿਸ਼ਾਨ ਸਾਹਿਬ ਦੀ ਅਗਵਾਈ ਕਰਦਾ ਸਿੰਘ ਉਸ ਤੋਂ ਬਾਅਦ ਖ਼ਾਲਸਾਈ ਸ਼ਕਤੀ ਦਾ ਪ੍ਰਤੀਕ ਨਰਸਿੰਗਾ ਵਜਾਉਂਦੇ ਹੋਏ ਗੁਰੂ ਦੇ ਲਾਡਲੇ ਮਹਿੰਦਰਪ੍ਰਤਾਪ ਸਿੰਘ, ਘੋੜ ਸਵਾਰ ਗੁਰੂ ਦੀਆਂ ਲਾਡਲੀਆਂ ਫੌਜਾਂ, ਉਸ ਤੋਂ ਪਿਛੇ ਫੁਲਾਂ ਨਾਲ ਸੱਜੀ ਟਰਾਲੀ ਵਿਚ ਗੁਰੂ ਸਾਹਿਬ ਦੇ ਸ਼ਸਤਰ ਬੜੇ ਸਲੀਕੇ ਨਾਲ ਸਜਾਏ ਗਏ ਅਤੇ ਕੀਰਤਨ ਕਰਦੇ ਹੋਏ ਜਦ ਭਾਈ ਜਸਪਾਲ ਸਿੰਘ ਜੀ ਰਾਜ ਨਗਰ ਵਾਲੇ, ਪੋਫੈਸਰ ਮਨਜਿੰਦਰ ਕੌਰ ਅਤੇ ਹੋਰ ਰੰਗ ਰਤੀਆਂ ਰੂਹਾਂ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਉਂਦੇ ਹੋਏ ਐਸਾ ਅਜਬ ਨਜ਼ਾਰਾ ਪੇਸ਼ ਕੀਤਾ ਇਉਂ ਜਾਪਦਾ ਸੀ ਜਿਵੇਂ ਧੰਨ ਕਲਗੀਧਰ ਪਾਤਸ਼ਾਹ ਜੀ ਸਮੂਹ ਸਿੰਘਾਂ ਵਿੱਚ ਬਿਰਾਜਮਾਨ ਹੋ ਕੇ ਆਪ ਕੀਰਤਨ ਸੁਣ ਕੇ ਸੰਗਤਾਂ ਨੂੰ ਅਸੀਸਾਂ ਅਤੇ ਬਖਸ਼ਿਸ਼ਾਂ ਕਰ ਰਹੇ ਹੋਣ।
ਬੋਲੇ-ਸੌ-ਨਿਹਾਲ ਦੇ ਜੈਕਾਰਿਆਂ ਨਾਲ ਅੰਮ੍ਰਿਤ ਵੇਲੇ ਦੀ ਫ਼ਿਜ਼ਾ ਨਾਮ ਸਿਮਰਨ ਦੀ ਮਹਿਕ ਨਾਲ ਸੁਗੰਧੀਆਂ ਬਿਖੇਰ ਰਹੀ ਸੀ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਨੇ ਲੰਬੇ ਰੂਟ ਦੀ ਪ੍ਰਭਾਤ ਫੇਰੀ ਦਾ ਉਪਰਾਲਾ ਸ਼ਲਾਘਾਯੋਗ ਹੈ ਜਿਸ ਵਿੱਚ ਦੁਨਿਆਵੀ ਖਾਣ ਪਾਣ ਨੂੰ ਤਿਆਗ ਕੇ ਸੰਗਤਾਂ ਦੇ ਰੂਹ ਦੀ ਖੁਰਾਕ ਕੇਵਲ ਸ਼ਬਦ ਰੂਪੀ ਲੰਗਰ ਪ੍ਰਸ਼ਾਦਿ ਹੀ ਛਕਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਨਗਰ ਨਿਗਮ ਦੀ ਟੀਮ ਅਤੇ ਕੌਂਸਲਰ ਸ਼ੈਰੀ ਚੱਢਾ ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਰੈਣਕ ਬਾਜ਼ਾਰ ਚੌਕ ਦਾ ਨਾਮ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਮ ਤੇ ਰੱਖਿਆ ਗਿਆ। ਕਲਗੀਧਰ ਪਾਤਸ਼ਾਹ ਜੀ ਦੇ ਲਾਲਾਂ ਨੂੰ ਗਰਮ ਦੁੱਧ ਪਿਆਉਣ ਦੀ ਸੇਵਾ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਆਰੰਭਤਾ ਅਤੇ ਸਮਾਪਤੀ ਉਪਰੰਤ ਸਮੂਹ ਸੰਗਤਾਂ ਨੂੰ ਗਰਮ ਦੁੱਧ ਦਾ ਲੰਗਰ ਵੀ ਛਕਾਇਆ ਗਿਆ।
ਇਸ ਦੌਰਾਨ ਮੁਹੱਲਾ ਪਿਸੌਰੀਆਂ, ਡੇਰਾ ਸੰਤਪੁਰਾ ਲਾਇਲਪੁਰੀ, ਨਕੋਦਰ ਚੌਕ, ਅਤੇ ਮੁਹੱਲਾ ਸੁਰਾਜ ਗੰਜ ਦੇ ਨਿਵਾਸੀਆਂ ਨੇ ਸੰਗਤ ਦਾ ਤਹਿਦਿਲੋਂ ਭਰਪੂਰ ਸਵਾਗਤ ਕੀਤਾ। ਸਮੁੱਚੇ ਰਸਤੇ ਦੇ ਚੌਕਾਂ ਨੂੰ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਯਾਦ ਨਾਲ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਜਿਸ ਦੀ ਸੇਵਾ ਸ੍ਰ ਜਸਕਰਨ ਸਿੰਘ, ਗੋਬਿੰਦਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਸ਼ਰਧਾ ਸਹਿਤ ਨਿਭਾਈ। ਅੱਜ ਦੀ ਪ੍ਰਭਾਤ ਫੇਰੀ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਵਿੱਚ ਪ੍ਰਧਾਨ ਗੁਰਕ੍ਰਿਪਾਲ ਸਿੰਘ, ਸਕੱਤਰ ਇੰਦਰਪਾਲ ਤੋਂ ਇਲਾਵਾ ਕੰਵਲਜੀਤ ਸਿੰਘ ਟੋਨੀ, ਇੰਦਰਜੀਤ ਸਿੰਘ ਹੋਠੀ, ਅਮਰਜੀਤ ਸਿੰਘ ਮਿੱਠਾ, ਇਕਬਾਲ ਸਿੰਘ, ਹਰਬੰਸ ਸਿੰਘ, ਹਰਪ੍ਰੀਤ ਸਿੰਘ, ਪ੍ਰਵਿੰਦਰ ਸਿੰਘ ਖਾਸਰੀਆ, ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ, ਕੌਂਸਲਰ ਪਰਮਜੀਤ ਕੌਰ, ਵੈਲਕਮ ਗਰੁੱਪ ਤੋਂ ਅਮਰਪ੍ਰੀਤ ਸਿੰਘ ਰਿੰਕੂ, ਜਗਜੀਤ ਸਿੰਘ ਖਜ਼ਾਨਚੀ, ਗੁਰਮੀਤ ਸਿੰਘ ਅਮਰਜੀਤ ਸਿੰਘ ਭਾਟੀਆ, ਅਮਰਜੀਤ ਕੌਰ ਸੰਘਾ, ਜਗਮੋਹਨ ਸਿੰਘ ਕੋਹਲੀ, ਬੀਬੀ ਮਹਿੰਦਰ ਕੌਰ ਕਾਲੜਾ ਅਤੇ ਸਮੂਹ ਮੈਂਬਰ ਬੀਬੀਆਂ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਛੇਵੀਂ ਪਾਤਸ਼ਾਹੀ, ਕੰਵਲਜੀਤ ਸਿੰਘ ਕੋਚ ਵੀਰ ਜੀ, ਅਮਰਬੀਰ ਸਿੰਘ ਸਚਦੇਵਾ, ਅਜੀਤ ਸਿੰਘ ਕਥੂਰੀਆ, ਅਮਰਜੀਤ ਸਿੰਘ ਬਜਾਜ, ਹਰਪਾਲ ਸਿੰਘ ਬਜਾਜ, ਹਰਪ੍ਰੀਤ ਸਿੰਘ ਲਵਲੀ, ਆਦਿ ਵਰਨਣਯੋਗ ਪਤਵੰਤੇ ਕੀਰਤਨ ਗਾਇਨ ਕਰਦੇ ਹੋਏ ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰ ਰਹੇ ਸਨ।Related