ਜਲੰਧਰ (ਵਿੱਕੀ ਸੂਰੀ) : 79ਵੇਂ ਸੁਤੰਤਰਤਾ ਦਿਵਸ ਮੌਕੇ ਬਸਤੀ ਸ਼ੇਖ ਸਥਿਤ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ‘ਚ ਰਾਸ਼ਟਰੀ ਜਜ਼ਬੇ ਅਤੇ ਦੇਸ਼ ਭਗਤੀ ਨਾਲ ਭਰਪੂਰ ਸਮਾਗਮ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਪ੍ਰਭੂ ਸਿਮਰਨ ਨਾਲ ਕੀਤੀ ਗਈ, ਜਿਸ ਉਪਰੰਤ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਗੀਤਾਂ, ਨਾਟਕ, ਨਾਚ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਆਜ਼ਾਦੀ ਦੀ ਮਹੱਤਤਾ ਨੂੰ ਰੋਚਕ ਢੰਗ ਨਾਲ ਪ੍ਰਸਤੁਤ ਕੀਤਾ ਗਿਆ।ਵਿਦਿਆਰਥੀਆਂ ਨੇ ਆਪਣੀ ਪ੍ਰਸਤੁਤੀਆਂ ਰਾਹੀਂ ਨਾ ਸਿਰਫ ਦਰਸ਼ਕਾਂ ਦਾ ਮਨ ਮੋਹ ਲਿਆ, ਬਲਕਿ ਉਹਨਾਂ ਨੂੰ ਆਜ਼ਾਦੀ ਦੀ ਲਹਿਰ ਚਲਾਉਣ ਵਾਲੇ ਸ਼ਹੀਦਾਂ ਦੀ ਬਹਾਦਰੀ ਅਤੇ ਬਲਿਦਾਨ ਬਾਰੇ ਵੀ ਜਾਣੂ ਕਰਵਾਇਆ। ਸਕੂਲ ਦੇ ਮੁਖੀ ਪ੍ਰਿੰਸੀਪਲ ਸਾਹਿਬ ਤੇ ਸਾਰੇ ਅਧਿਆਪਕ ਸਟਾਫ ਨੇ ਸਮਾਗਮ ਵਿੱਚ ਭਾਗ ਲਿਆ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।ਇਸ ਮੌਕੇ ਮੁਖ ਅਤਿਥੀ ਵਜੋਂ ਵਾਰਡ ਨੰਬਰ 50 ਤੋਂ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਰਾਹੀਂ ਬੱਚਿਆਂ ਨੂੰ ਦੇਸ਼ ਭਗਤ ਸੂਰਮਿਆਂ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਤੋਂ ਪ੍ਰੇਰਿਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਸਾਨੂੰ ਸੌਖੀ ਨਹੀਂ ਮਿਲੀ, ਇਸ ਲਈ ਇਸਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ।ਸਮਾਗਮ ਦੌਰਾਨ ਸ. ਤਰਲੋਚਨ ਸਿੰਘ ਛਾਬੜਾ ਵੀ ਮੌਜੂਦ ਸਨ, ਜਿਨ੍ਹਾਂ ਨੇ ਵੀ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਜਜ਼ਬੇ ਦੀ ਖੂਬ ਸਰਾਹਨਾ ਕੀਤੀ। ਇਹ ਸਮਾਗਮ ਨਾ ਸਿਰਫ਼ ਇੱਕ ਤਿਉਹਾਰ ਸੀ, ਸਗੋਂ ਇੱਕ ਸਿੱਖਿਆਤਮਕ ਅਨੁਭਵ ਸੀ ਜੋ ਵਿਦਿਆਰਥੀਆਂ ਦੇ ਮਨ ਵਿੱਚ ਦੇਸ਼ ਪ੍ਰੇਮ ਦੀ ਚਿੰਗਾਰੀ ਨੂੰ ਹੋਰ ਭੜਕਾਉਣ ਵਾਲਾ ਸਾਬਤ ਹੋਇਆ।