ਜਲੰਧਰ ਫੋਟੋਗ੍ਰਾਫਰਜ਼ ਕਲੱਬ ਵੱਲੋਂ ਵਿਕਟੋਰੀਆ ਗਾਰਡਨ ਵਿਖੇ ਸਾਲਾਨਾ ਸਮਾਰੋਹ ਦਾ ਆਯੋਜਨ, ਡਾਇਰੀ ਕਮ ਡਾਇਰੈਕਟਰੀ ਕੀਤੀ ਰਿਲੀਜ਼

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) :- ਜਲੰਧਰ ਫੋਟੋਗ੍ਰਾਫਰਜ਼ ਕਲੱਬ ਵੱਲੋਂ ਵਿਕਟੋਰੀਆ ਗਾਰਡਨ ਵਿਖੇ ਸਾਲਾਨਾ ਸਮਾਰੋਹ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ, ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਨਗਰ ਨਿਗਮ ਜਲੰਧਰ ਦੇ ਮੇਅਰ ਵਿਨੀਤ ਧੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨਾਂ ਨੇ ਫੋਟੋਗ੍ਰਾਫਰਾਂ ਦੀ ਏਕਤਾ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।

 

ਸਮਾਰੋਹ ਦੌਰਾਨ ਕਲੱਬ ਦੇ ਪ੍ਰਧਾਨ ਸੁਖਵਿੰਦਰ ਨੰਦਰਾ, ਜਨਰਲ ਸਕੱਤਰ ਅਸ਼ੋਕ ਨਾਗਪਾਲ, ਅਰਵਿੰਦਰਪਾਲ ਸਿੰਘ ਚਾਵਲਾ, ਸੰਸਥਾਪਕ ਕਮਲਜੀਤ ਸਿੰਘ ਭਾਟੀਆ, ਬ੍ਰਿਜ ਅਰੋੜਾ, ਸੰਦੀਪ ਤਨੇਜਾ, ਕੈਸ਼ੀਅਰ ਪਵਨ ਅਤੇ ਪੀ.ਆਰ.ਓ. ਅਮਨ ਸਮੇਤ ਹੋਰ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਫੋਟੋਗ੍ਰਾਫੀ ਨਾਲ ਸਬੰਧਤ ਉਤਪਾਦਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਕਈ ਨਾਮਵਰ ਕੰਪਨੀਆਂ ਵੱਲੋਂ ਨਵੀਆਂ ਤਕਨੀਕਾਂ ਅਤੇ ਆਧੁਨਿਕ ਉਪਕਰਨ ਪੇਸ਼ ਕੀਤੇ ਗਏ। ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਫੋਟੋਗ੍ਰਾਫੀ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।

ਮੁੱਖ ਮਹਿਮਾਨ ਮੇਅਰ ਵਿਨੀਤ ਧੀਰ ਨੇ ਵੀ ਫੋਟੋਗ੍ਰਾਫੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਲੈਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉਹ ਹਮੇਸ਼ਾ ਆਪਣੀ ਵੱਲੋਂ ਕਲੱਬ ਨੂੰ ਪੂਰਾ ਸਹਿਯੋਗ ਦੇਣਗੇ। ਇਸੇ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪਿਛਲੇ ਸਾਲ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਜੋ ਐਲਾਨ ਕੀਤਾ ਸੀ, ਉਸ ਰਕਮ ਨੂੰ ਜਲਦ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨਾਂ ਨੇ ਕਲੱਬ ਦੇ ਡ੍ਰੈੱਸ ਕੋਡ ਦੀ ਵੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।

ਸਮਾਰੋਹ ਦਾ ਇੱਕ ਹੋਰ ਅਹਿਮ ਪਲ ਉਸ ਸਮੇਂ ਆਇਆ ਜਦੋਂ ਮੁੱਖ ਮਹਿਮਾਨਾਂ ਵੱਲੋਂ ਚੀਫ ਐਡੀਟਰ ਬਲਵੀਰ ਸਿੰਘ ਡੰਡਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਡਾਇਰੀ ਕਮ ਡਾਇਰੈਕਟਰੀ ਰਿਲੀਜ਼ ਕੀਤੀ ਗਈ। ਇਸ ਮੌਕੇ ਵੱਖ-ਵੱਖ ਫੋਟੋਗ੍ਰਾਫਰਜ਼ ਕਲੱਬਾਂ ਅਤੇ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਵਿੱਚ ਹੋਸ਼ਿਆਰਪੁਰ, ਗੁਰਦਾਸਪੁਰ, ਸੁਲਤਾਨਪੁਰ ਲੋਧੀ, ਅੰਮ੍ਰਿਤਸਰ, ਫਗਵਾੜਾ, ਪਟਿਆਲਾ, ਚੰਡੀਗੜ੍ਹ, ਦੋਆਬਾ, ਬਟਾਲਾ, ਮਾਹਿਲਪੁਰ, ਨਕੋਦਰ, ਅਬੋਹਰ, ਕਪੂਰਥਲਾ, ਮਾਝਾ, ਸ਼ਾਹਕੋਟ, ਰਈਆ, ਲੁਧਿਆਣਾ ਅਤੇ ਜਮਸ਼ੇਰ ਸਮੇਤ ਕਈ ਇਲਾਕਿਆਂ ਦੇ ਫੋਟੋਗ੍ਰਾਫਰਜ਼ ਕਲੱਬਾਂ ਅਤੇ ਐਸੋਸੀਏਸ਼ਨਾਂ ਦੇ ਨੁਮਾਇੰਦੇ ਮੌਜੂਦ ਰਹੇ।

ਕਲੱਬ ਵੱਲੋਂ ਸਮਾਰੋਹ ਵਿੱਚ ਪਹੁੰਚੇ ਸਾਰੇ ਕਲੱਬਾਂ, ਐਸੋਸੀਏਸ਼ਨਾਂ ਅਤੇ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸਫਲ ਬਣਾਉਣ ਵਿੱਚ ਗਿਆਨ ਵਰਮਾ, ਭੂਸ਼ਣ ਲੂਥਰ, ਜਗਦੀਸ਼, ਕੁਲਵਿੰਦਰ ਜੋਹਲ, ਗੁਰਸ਼ਰਨਜੀਤ ਰਾਜ, ਅਨੂਪ ਤਨੇਜਾ, ਮਹਿੰਦਰ ਪਾਲ, ਪ੍ਰਵੀਣ ਮਹਾਜਨ, ਵਿਮਲਜੀਤ, ਤੇਜਿੰਦਰ ਕੁਮਾਰ, ਸੰਜੀਵ ਕੁਮਾਰ, ਰਮਨ ਮਦਾਨ, ਹਰਿੰਦਰ ਸ਼ਰਮਾ, ਗੁਲਸ਼ਨ ਬਹਿਲ, ਜਸਪਾਲ ਜੱਸਾ, ਸੁਰਿੰਦਰ ਸਿੰਘ ਸੰਧੂ, ਮਨੀਸ਼ ਭੱਟੀ, ਮਨਜੀਤ ਸਿੰਘ, ਕੀਮਤ ਸਿੰਘ, ਰਵੀ ਕੁਮਾਰ, ਸਰਬਜੀਤ ਅਤੇ ਪੂਰੀ ਵਰਕਿੰਗ ਕਮੇਟੀ ਨੇ ਅਹਿਮ ਯੋਗਦਾਨ ਪਾਇਆ।

ਸਮਾਰੋਹ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਸੁਖਵਿੰਦਰ ਨੰਦਰਾ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਫੋਟੋਗ੍ਰਾਫਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਹ ਸਾਲਾਨਾ ਸਮਾਰੋਹ ਫੋਟੋਗ੍ਰਾਫਰਾਂ ਦੀ ਏਕਤਾ, ਆਪਸੀ ਸਾਂਝ ਅਤੇ ਪੇਸ਼ੇਵਰ ਖੇਤਰ ਵਿੱਚ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਯਾਦਗਾਰੀ ਉਪਰਾਲਾ ਸਾਬਤ ਹੋਇਆ।