cਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ। ਉਸ ਨੇ ਪਾਵੋ ਨੂਰਮੀ ਖੇਡਾਂ 2024 ‘ਚ ਖੇਡਦੇ ਹੋਏ ਮੰਗਲਵਾਰ ਨੂੰ ਇਤਿਹਾਸ ਰਚ ਦਿੱਤਾ। ਉਸ ਨੇ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ। 2022 ਦੀਆਂ ਪਾਵੋ ਨੂਰਮੀ ਖੇਡਾਂ ਵਿੱਚ ਨੀਰਜ 89 ਮੀਟਰ ਜੈਵਲਿਨ ਸੁੱਟ ਕੇ ਦੂਜੇ ਸਥਾਨ ’ਤੇ ਰਿਹਾ ਸੀ। ਇਸ ਵਾਰ ਉਸ ਨੇ 85.97 ਮੀਟਰ ਦੂਰ ਜੈਵਲਿਨ ਸੁੱਟਿਆ। ਉਸ ਦੇ ਇਸ ਰਿਕਾਰਡ ਨੂੰ ਮੁਕਾਬਲੇ ‘ਚ ਮੌਜੂਦ ਕੋਈ ਹੋਰ ਐਥਲੀਟ ਨਹੀਂ ਤੋੜ ਸਕਿਆ। ਇਸ ਤਰ੍ਹਾਂ ਉਸ ਨੇ ਫਿਨਲੈਂਡ ‘ਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਨੰਬਰ-1 ‘ਤੇ ਰਹਿ ਕੇ ਸੋਨੇ ‘ਤੇ ਕਬਜ਼ਾ ਕੀਤਾ। ਨੀਰਜ ਚੋਪੜਾ ਸੱਟ ਕਾਰਨ ਸਾਲ 2023 ‘ਚ ਹੋਣ ਵਾਲੇ ਇਸ ਟੂਰਨਾਮੈਂਟ ‘ਚ ਹਿੱਸਾ ਨਹੀਂ ਲੈ ਸਕਿਆ ਸੀ।
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਦੌਰਾਨ ਸੋਨ ਤਮਗਾ ਜਿੱਤਿਆ ਸੀ। ਪੈਰਿਸ ਓਲੰਪਿਕ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ‘ਚ ਨੀਰਜ ਦਾ ਪਾਵੋ ਨੂਰਮੀ ਖੇਡਾਂ 2024 ‘ਚ ਸੋਨ ਤਮਗਾ ਜਿੱਤਣਾ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ। ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਨੀਰਜ ਤੋਂ ਬਾਅਦ ਫਿਨਲੈਂਡ ਦੇ ਟੋਨੀ ਕੇਰਾਨੇਨ ਨੇ 84.19 ਮੀਟਰ ਦੀ ਥਰੋਅ ਕੀਤੀ ਅਤੇ ਉਹ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਣ ‘ਚ ਸਫਲ ਰਿਹਾ, ਜਦੋਂ ਕਿ ਓਲੀਵੀਅਰ ਹੈਲੈਂਡਰ ਨੇ 83.96 ਮੀਟਰ ਦੀ ਆਪਣੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।ਨੀਰਜ ਚੋਪੜਾ ਸ਼ੁਰੂ ‘ਚ ਮੈਚ ਦੌਰਾਨ ਥੋੜਾ ਪਛੜਦਾ ਨਜ਼ਰ ਆਇਆ, ਉਹ ਦੂਜੀ ਕੋਸ਼ਿਸ਼ ਤੱਕ ਵੀ ਅਗਵਾਈ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਹਾਲਾਂਕਿ ਆਪਣੀ ਤੀਜੀ ਕੋਸ਼ਿਸ਼ ‘ਚ ਉਸ ਨੇ ਸ਼ਾਨਦਾਰ ਵਾਪਸੀ ਕੀਤੀ। ਇਸ ਵਾਰ ਉਸ ਨੇ 85.97 ਮੀਟਰ ਤੱਕ ਜੈਵਲਿਨ ਸੁੱਟਿਆ, ਜਿਸ ਨੂੰ ਹੋਰ ਕੋਸ਼ਿਸ਼ਾਂ ਦੌਰਾਨ ਵੀ ਕੋਈ ਨਹੀਂ ਹਰਾ ਸਕਿਆ। ਇਸ ਤਰ੍ਹਾਂ ਉਸ ਨੇ ਸੋਨੇ ‘ਤੇ ਕਬਜ਼ਾ ਕਰ ਲਿਆ।