ਜਲੰਧਰ (ਮਾਡਲ ਹਾਊਸ) (ਵਿੱਕੀ ਸੂਰੀ) : ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮਹੌਤਸਵ — ਕ੍ਰਿਸ਼ਨ ਜਨਮਾਸ਼ਟਮੀ ਦੇ ਪਵਿੱਤਰ ਦਿਨ ‘ਤੇ ਮਾਤਾ ਸਤੀ ਮੰਦਰ, ਮਾਡਲ ਹਾਊਸ ਵਿਖੇ ਜੈਰਥ ਪਰਿਵਾਰ ਵਲੋਂ ਹਰ ਸਾਲ ਵਾਂਗ ਇਸ ਵਾਰ ਵੀ ਭਗਤੀ ਭਰੇ ਸਮਾਗਮ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਸਵੇਰੇ 10 ਵਜੇ ਵਿਸ਼ੇਸ਼ ਪੂਜਾ ਅਰਚਨਾ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਭਗਵਾਨ ਕ੍ਰਿਸ਼ਨ ਜੀ ਦੀ ਜਨਮ ਲੀਲਾ ਨੂੰ ਯਾਦ ਕਰਦਿਆਂ ਮੰਤ੍ਰ ਉਚਾਰਣ, ਹਵਨ ਅਤੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਦੁਪਹਿਰ 3 ਵਜੇ ਸੰਕੀਰਤਨ ਸਮਾਰੋਹ ਦਾ ਆਯੋਜਨ ਹੋਣਾ ਹੈ, ਜਿਥੇ ਭਗਤਜਨ ਭਗਵਾਨ ਦੇ ਗੁਣ ਗਾਉਂਦੇ ਹੋਏ ਭਗਤੀ ਰਸ ਵਿੱਚ ਡੁੱਬਣਗੇ। ਸ਼ਾਮ 6 ਵਜੇ ਝੰਡਾ ਚੁੱਕਣ ਦੀ ਰਸਮ ਹੋਏਗੀ, ਜਿਸ ਵਿਚ ਪੂਰਾ ਜੈਰਥ ਪਰਿਵਾਰ ਸ਼ਰਧਾ ਅਤੇ ਭਾਵਨਾ ਨਾਲ ਸ਼ਾਮਲ ਹੋ ਕੇ ਅਰਦਾਸ ਕਰੇਗਾ ਕਿ ਭਗਵਾਨ ਕ੍ਰਿਸ਼ਨ ਜੀ ਦੀ ਅਨੰਤ ਕਿਰਪਾ ਪਰਿਵਾਰ ਤੇ ਬਣੀ ਰਹੇ। ਇਸ ਪਵਿੱਤਰ ਮੌਕੇ ਉੱਤੇ ਮਾਤਾ ਸਤੀ ਮੰਦਰ ਕਮੇਟੀ ਦੇ ਸਹਿਯੋਗ ਨਾਲ ਪ੍ਰੇਮ ਭਰਿਆ ਲੰਗਰ ਵੀ ਪਰਸਾਦ ਰੂਪ ਵਿੱਚ ਲਗਾਇਆ ਜਾਵੇਗਾ, ਜਿਸ ਵਿਚ ਸੰਗਤਾਂ ਨੂੰ ਭੋਜਨ ਸੇਵਾ ਪ੍ਰਦਾਨ ਕੀਤੀ ਜਾਵੇਗੀ। ਜੈਰਥ ਪਰਿਵਾਰ ਵੱਲੋਂ ਇਲਾਨ ਕੀਤਾ ਗਿਆ ਹੈ ਕਿ ਉਹ ਹਰੇਕ ਸਾਲ ਇਸ ਤਰ੍ਹਾਂ ਭਗਵਾਨ ਦੇ ਜਨਮ ਦਿਨ ਨੂੰ ਨਿਮਰਤਾ, ਆਸਥਾ ਅਤੇ ਪ੍ਰੇਮ ਨਾਲ ਮਨਾਉਂਦੇ ਰਹਿਣਗੇ — ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵੀ ਸੱਭਿਆਚਾਰਕ ਅਤੇ ਆਧਿਆਤਮਿਕ ਮੂਲਾਂ ਨਾਲ ਜੋੜਿਆ ਜਾ ਸਕੇ।