ਜਲੰਧਰ (ਪਰਮਜੀਤ ਸਿੰਘ ਨੈਣਾ) : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੱਧੀ ਸਦੀ ਤੱਕ ਰੱਜ ਕੇ ਰਾਜ ਕਮਾਉਣ ਵਾਲੇ ਪਰਉਪਕਾਰੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਸਹਿਤ ਮਨਾਈ ਗਈ। ਅੰਮ੍ਰਿਤ ਵੇਲੇ ਸਜਾਏ ਗਏ ਵਿਸ਼ੇਸ਼ ਦੀਵਾਨ ਵਿੱਚ ਹਜ਼ੂਰੀ ਰਾਗੀ ਜੱਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਸ੍ਰ ਜਤਿੰਦਰਪਾਲ ਸਿੰਘ ਖੁਰਾਣਾ ਦੇ ਪ੍ਰਵਾਰ ਵਲੋਂ ਸਹਿਜ ਪਾਠਾਂ ਦੇ ਭੋਗ ਪੁਆਏ ਗਏ। ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਸ੍ਰ ਜਸਵਿੰਦਰ ਸਿੰਘ ਮੱਕੜ, ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ ਨੇ ਪ੍ਰਵਾਰ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ। ਸਤਪਾਲ ਸਿੰਘ ਅਲਗ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਕਵਿਤਾ ਸੁਣਾਈ। ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰ ਬੇਅੰਤ ਸਿੰਘ ਸਰਹੱਦੀ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ ਗੁਰਕਿਰਪਾਲ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੇ ਪਰਉਪਕਾਰੀ ਮਹਾਰਾਜ ਰਣਜੀਤ ਸਿੰਘ ਜਿਨ੍ਹਾਂ ਨੇ ਅੱਧੀ ਸਦੀ ਤੋਂ ਵੱਧ ਰਾਜ ਕਰਦੇ ਹੋਏ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ। ਆਪਣੇ ਰਾਜ ਦਾ ਝੰਡਾ ਸਮੁੱਚੇ ਪੰਜਾਬ ਅਤੇ ਕਸ਼ਮੀਰ ਤੋਂ ਲੈ ਕੇ ਦਰ੍ਹਾ ਖ਼ੈਬਰ ਅਤੇ ਅਫ਼ਗ਼ਾਨਿਸਤਾਨ ਦੇ ਕਾਬਲ ਕੰਧਾਰ ਤੱਕ ਬੁਲੰਦ ਕੀਤਾ। ਗੁਰਬਾਣੀ ਨਾਲ ਅਥਾਹ ਪਿਆਰ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚਲਾਇਆ ਅਤੇ ਸਿੱਖ ਰਾਜ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਐਸੇ ਮਹਾਨ ਪਰਉਪਕਾਰੀ ਰਾਜੇ ਦੀ ਯਾਦ ਮਨਾਉਂਦੇ ਹੋਏ ਅਸੀਂ ਬੇਇੰਤਹਾ ਫ਼ਖ਼ਰ ਮਹਿਸੂਸ ਕਰਦੇ ਹਾਂ। ਸਟੇਜ ਦੀ ਸੇਵਾ ਜਨਰਲ ਸਕੱਤਰ ਸ੍ਰ ਗੁਰਮੀਤ ਸਿੰਘ ਨੇ ਬਾਖੂਬੀ ਨਿਭਾਈ। ਵੱਡੀ ਗਿਣਤੀ ਵਿਚ ਸੰਗਤਾਂ ਨੇ ਦੀਵਾਨ ਦਾ ਅਨੰਦ ਮਾਣਿਆ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।