
Skip to content

ਭਜਨ ਗਾਇਕਾ ਮੋਨਿਕਾ ਸ਼ਰਮਾ ਨੇ ਸ਼ਨੀ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ
ਨਾਭਾ (ਅਮਨ ਗਰਗ): ਸ਼ਨੀ ਅਮਾਵਸਿਆ ਦੇ ਪਾਵਨ ਮੌਕੇ ‘ਤੇ ਸਥਾਨਕ ਫਰੈਂਡਸ ਕਲੋਨੀ ਸਥਿਤ ਸ਼੍ਰੀ ਸ਼ਨੀ ਦੇਵ ਮੰਦਿਰ ਵਿਖੇ ਸ਼ਨੀ ਦੇਵ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਭਜਨ ਸੰਧਿਆ ਦਾ ਸ਼ਰਧਾਪੂਰਵਕ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੀ ਪ੍ਰਸਿੱਧ ਭਜਨ ਗਾਇਕਾ ਮੋਨਿਕਾ ਸ਼ਰਮਾ ਨੇ ਆਪਣੀ ਮਧੁਰ ਆਵਾਜ਼ ਵਿੱਚ ਸ਼ਨੀ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਸੁਰੀਲੇ ਅਤੇ ਭਗਤੀ ਭਰੇ ਭਜਨਾਂ ਨੇ ਸਮੁੱਚੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਭਜਨਾਂ ਦੀਆਂ ਮਨਮੋਹਕ ਧੁਨਾਂ ‘ਤੇ ਸੰਗਤਾਂ ਭਗਤੀ ਦੇ ਰੰਗ ਵਿੱਚ ਰੰਗੀਆਂ ਨਜ਼ਰ ਆਈਆਂ ਅਤੇ ਮੋਨਿਕਾ ਸ਼ਰਮਾ ਨੇ ਆਪਣੀ ਗਾਇਕੀ ਨਾਲ ਹਾਜ਼ਰ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ।
ਇਸ ਮੌਕੇ ਸ਼ਨੀ ਦੇਵ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਭਜਨ ਗਾਇਕਾ ਮੋਨਿਕਾ ਸ਼ਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ।
ਧਾਰਮਿਕ ਸਮਾਗਮ ਦੀ ਸਮਾਪਤੀ ਮੌਕੇ ਸ਼ਨੀ ਦੇਵ ਜੀ ਦੀ ਆਰਤੀ ਕੀਤੀ ਗਈ, ਜਿਸ ਉਪਰੰਤ ਸੰਗਤਾਂ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ। ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Related