
Skip to content

ਭਾਈ ਮਰਦਾਨਾ ਯਾਦਗਾਰੀ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਲੱਡੂ ਵੰਡ ਕੇ ਮਨਾਈ ਖੁਸ਼ੀ, ਸਮਾਜਿਕ ਮੁੱਦਿਆਂ ’ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਪੈਸੇ ਦੇ ਕੇ ਖਰੀਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਵਾਉਣਾ ਲੋਕਾਂ ਦਾ ਹੱਕ: ਗਾਮਾ ਸਿੱਧੂ
ਫਿਰੋਜ਼ਪੁਰ, ਜਤਿੰਦਰ ਪਿੰਕਲ। ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਦੀ ਬਹਾਲੀ ਅਤੇ ਮੁੜ ਫਿਰੋਜ਼ਪੁਰ ਵਿਖੇ ਤਾਇਨਾਤੀ ਤੋਂ ਬਾਅਦ ਐਤਵਾਰ ਸ਼ਾਮ ਨੂੰ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਫਿਰੋਜ਼ਪੁਰ ਲੋਕ ਲਹਿਰ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਅਭਿਨਵ ਖੋਸਲਾ ਦੀ ਬਹਾਲੀ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ।
ਮੀਟਿੰਗ ਵਿੱਚ ਫਿਰੋਜ਼ਪੁਰ ਲੋਕ ਲਹਿਰ ਦੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ, ਸ਼ਹਿਰ ਵਾਸੀਆਂ, ਸਿਆਸੀ ਆਗੂਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਲੋਕ ਲਹਿਰ ਨੂੰ ਹੋਰ ਮਜ਼ਬੂਤ ਕਰਨ, ਇਸ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਅਤੇ ਨਵੀਂ ਕਮੇਟੀ ਦੇ ਗਠਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਫਿਰੋਜ਼ਪੁਰ ਲੋਕ ਲਹਿਰ ਦੇ ਕਨਵੀਨਰ ਗਾਮਾ ਸਿੱਧੂ ਅਤੇ ਐਡਵੋਕੇਟ ਰੋਹਿਤ ਅਰੋੜਾ ਨੇ ਕਿਹਾ ਕਿ ਅਭਿਨਵ ਖੋਸਲਾ ਦੀ ਬਹਾਲੀ ਕਿਸੇ ਇੱਕ ਵਿਅਕਤੀ ਜਾਂ ਜਥੇਬੰਦੀ ਦੀ ਜਿੱਤ ਨਹੀਂ, ਸਗੋਂ ਫਿਰੋਜ਼ਪੁਰ ਲੋਕ ਲਹਿਰ ਅਤੇ ਸਮੁੱਚੇ ਸ਼ਹਿਰ ਵਾਸੀਆਂ ਦੀ ਸਾਂਝੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕ ਲਹਿਰ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੇ ਇਕਜੁੱਟ ਹੋ ਕੇ ਸੰਘਰਸ਼ ਵਿੱਚ ਹਿੱਸਾ ਲਿਆ। ਲੋਕਾਂ ਦੀ ਏਕਤਾ ਅਤੇ ਸਾਂਝੇ ਯਤਨਾਂ ਸਦਕਾ ਵਿਭਾਗ ਵੱਲੋਂ ਕੁਝ ਹੀ ਘੰਟਿਆਂ ਵਿੱਚ ਅਭਿਨਵ ਖੋਸਲਾ ਨੂੰ ਬਹਾਲ ਕਰਕੇ ਮੁੜ ਫਿਰੋਜ਼ਪੁਰ ਵਿਖੇ ਤਾਇਨਾਤ ਕਰ ਦਿੱਤਾ ਗਿਆ।
ਉਨ੍ਹਾਂ ਇਸ ਸਫਲਤਾ ਦਾ ਸਿਹਰਾ ਸੰਘਰਸ਼ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ, ਸਮਾਜਿਕ ਆਗੂਆਂ ਅਤੇ ਸ਼ਹਿਰ ਵਾਸੀਆਂ ਨੂੰ ਦਿੰਦਿਆਂ ਕਿਹਾ ਕਿ ਜਦੋਂ ਲੋਕ ਆਪਣੇ ਸਾਂਝੇ ਹਿੱਤਾਂ ਲਈ ਇਕੱਠੇ ਹੋ ਕੇ ਆਵਾਜ਼ ਉਠਾਉਂਦੇ ਹਨ ਤਾਂ ਉਸ ਦੇ ਸਾਰਥਕ ਨਤੀਜੇ ਸਾਹਮਣੇ ਆਉਂਦੇ ਹਨ।
ਨਿੱਜੀ ਨਹੀਂ, ਸਾਂਝੇ ਸਮਾਜਿਕ ਮੁੱਦਿਆਂ ਲਈ ਸੰਘਰਸ਼ ਕਰੇਗੀ ਲੋਕ ਲਹਿਰ
ਗਾਮਾ ਸਿੱਧੂ ਨੇ ਕਿਹਾ ਕਿ ਫਿਰੋਜ਼ਪੁਰ ਲੋਕ ਲਹਿਰ ਭਵਿੱਖ ਵਿੱਚ ਵੀ ਸ਼ਹਿਰ ਦੇ ਸਾਂਝੇ ਅਤੇ ਸਮਾਜਿਕ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਰਗਰਮ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੰਚ ਦਾ ਮੁੱਖ ਉਦੇਸ਼ ਨਿੱਜੀ ਮਸਲਿਆਂ ਦੀ ਬਜਾਏ ਸਮਾਜਿਕ ਸਮੱਸਿਆਵਾਂ ਨੂੰ ਉਠਾਉਣਾ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਹੈ। ਜੇਕਰ ਕਿਸੇ ਵਿਅਕਤੀ ਨੂੰ ਸਮਾਜਿਕ ਪੱਧਰ ’ਤੇ ਮਦਦ ਦੀ ਲੋੜ ਪੈਂਦੀ ਹੈ ਤਾਂ ਲੋਕ ਲਹਿਰ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੋਵੇਗੀ।
ਉਨ੍ਹਾਂ ਸੰਘਰਸ਼ ਦੌਰਾਨ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ, ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਲਹਿਰ ਅੱਗੇ ਵੀ ਲੋਕ ਹਿੱਤਾਂ ਦੇ ਮੁੱਦਿਆਂ ’ਤੇ ਇਕਜੁੱਟ ਹੋ ਕੇ ਕੰਮ ਕਰਦੀ ਰਹੇਗੀ।
ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਵਾਉਣਾ ਲੋਕਾਂ ਦਾ ਹੱਕ: ਗਾਮਾ ਸਿੱਧੂ
ਇਸ ਮੌਕੇ ਗਾਮਾ ਸਿੱਧੂ ਨੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਦੇ ਮੁੱਦੇ ਨੂੰ ਉਠਾਉਂਦਿਆਂ ਕਿਹਾ ਕਿ ਪੈਸੇ ਦੇ ਕੇ ਖਰੀਦੀ ਜਾਣ ਵਾਲੀ ਹਰ ਖਾਣ-ਪੀਣ ਦੀ ਵਸਤੂ ਦੀ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਲੋਕਾਂ ਦਾ ਹੱਕ ਹੈ। ਉਨ੍ਹਾਂ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਖਾਣ-ਪੀਣ ਵਾਲੀ ਵਸਤੂ ਵਿੱਚ ਮਿਲਾਵਟ ਹੋਣ ਦਾ ਸ਼ੱਕ ਹੁੰਦਾ ਹੈ ਤਾਂ ਉਹ ਸਬੰਧਤ ਵਿਭਾਗ ਕੋਲ ਸ਼ਿਕਾਇਤ ਕਰਕੇ ਨਿਯਮਾਂ ਅਨੁਸਾਰ ਉਸ ਦੇ ਸੈਂਪਲ ਦੀ ਜਾਂਚ ਕਰਵਾਉਣ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣ ਅਤੇ ਮਿਲਾਵਟਖੋਰੀ ਵਰਗੀਆਂ ਸਮੱਸਿਆਵਾਂ ਵਿਰੁੱਧ ਆਵਾਜ਼ ਉਠਾਉਣ ਲਈ ਫਿਰੋਜ਼ਪੁਰ ਲੋਕ ਲਹਿਰ ਅਤੇ ਸਤਲੁਜ ਪ੍ਰੈੱਸ ਕਲੱਬ ਲੋਕਾਂ ਦੇ ਨਾਲ ਡਟ ਕੇ ਖੜ੍ਹਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਅੰਤ ਵਿੱਚ ਗਾਮਾ ਸਿੱਧੂ ਨੇ ਮੀਟਿੰਗ ਵਿੱਚ ਪਹੁੰਚੇ ਸਾਰੇ ਪਤਵੰਤਿਆਂ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਲੋਕ ਲਹਿਰ ਲੋਕਾਂ ਦੇ ਸਾਂਝੇ ਹਿੱਤਾਂ ਅਤੇ ਸਮਾਜਿਕ ਮੁੱਦਿਆਂ ਲਈ ਭਵਿੱਖ ਵਿੱਚ ਵੀ ਆਪਣੀ ਮੁਹਿੰਮ ਜਾਰੀ ਰੱਖੇਗੀ।

Related