
Skip to content

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗਰ ਨਾਲ ਬਦਸਲੂਕੀ ਦੇ ਦੋਸ਼, ਕੈਮਰੇ ਤੋਂ ਵੀਡੀਓ ਡਿਲੀਟ ਕਰਨ ਦਾ ਦਾਅਵਾ
ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਸਮੇਂ ਵਲੌਗ ਬਣਾਉਣ ਪਹੁੰਚੇ ਇੱਕ ਨੌਜਵਾਨ ਵਲੌਗਰ ਨੇ ਪਹਿਰੇਦਾਰਾਂ ’ਤੇ ਬਦਸਲੂਕੀ ਕਰਨ, ਕੈਮਰਾ ਖੋਹਣ ਅਤੇ ਉਸ ਨਾਲ ਧੱਕਾ-ਮੁੱਕੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਵਲੌਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਸਾਂਝੀ ਕਰਦਿਆਂ ਇਸ ਘਟਨਾ ਨੂੰ ਗੋਲਡਨ ਟੈਂਪਲ ਵਿਖੇ ਆਪਣਾ ਸਭ ਤੋਂ ਮਾੜਾ ਤਜਰਬਾ ਦੱਸਿਆ ਹੈ।
ਵਲੌਗਰ ਦਾ ਦੋਸ਼ ਹੈ ਕਿ ਪਹਿਰੇਦਾਰਾਂ ਨੇ ਉਸ ਦਾ ਕੈਮਰਾ ਖੋਹ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੇ ਹੱਥ ਮਰੋੜੇ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕੈਮਰੇ ਵਿੱਚੋਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਬਣਾਉਣ ਲਈ ਉਸ ਨੇ ਮਿਹਨਤ ਕਰਨ ਦੇ ਨਾਲ-ਨਾਲ ਪੈਸਾ ਵੀ ਖਰਚ ਕੀਤਾ ਸੀ।
ਨੌਜਵਾਨ ਨੇ ਆਪਣੀ ਵੀਡੀਓ ਵਿੱਚ ਦੋਸ਼ ਲਾਇਆ ਕਿ ਪਹਿਰੇਦਾਰ ਉਸ ਨੂੰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਮੌਜੂਦ ਨਿਹੰਗਾਂ ਨੇ ਉਸ ਨੂੰ ਜ਼ਬਰਦਸਤੀ ਆਪਣੇ ਪੈਰਾਂ ਵਿੱਚ ਡੇਗਿਆ ਅਤੇ ਪੈਰ ਛੂਹਣ ਲਈ ਮਜਬੂਰ ਕੀਤਾ। ਵਲੌਗਰ ਨੇ ਇਸ ਘਟਨਾ ਸਬੰਧੀ ਆਪਣਾ ਤਜਰਬਾ ਸਾਂਝਾ ਕਰਦਿਆਂ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ।
ਵੀਡੀਓਗ੍ਰਾਫੀ ’ਤੇ ਪਾਬੰਦੀ ਹੋਣ ਦੀ ਗੱਲ ਕਹੀ
ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਹੈ। ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਵੀਡੀਓ ਬਣਾਉਂਦਾ ਪਾਇਆ ਜਾਂਦਾ ਹੈ ਤਾਂ ਪਹਿਰੇਦਾਰ ਉਸ ਨੂੰ ਰੋਕਦੇ ਹਨ, ਪਰ ਕਮੇਟੀ ਅਨੁਸਾਰ ਉਹ ਮਾਰ-ਕੁੱਟ ਨਹੀਂ ਕਰਦੇ।
ਫਿਲਹਾਲ, ਵਲੌਗਰ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਐੱਸਜੀਪੀਸੀ ਦੇ ਪੱਖ ਸਬੰਧੀ ਘਟਨਾ ਦੇ ਪੂਰੇ ਤੱਥ ਸਾਹਮਣੇ ਆਉਣੇ ਬਾਕੀ ਹਨ।

Related