
Skip to content

ਸਿਵਲ ਹਸਪਤਾਲ ਫਗਵਾੜਾ ਦੀ ਮੋਰਚਰੀ ’ਚ ਲਾਪਰਵਾਹੀ ਦੇ ਦੋਸ਼ਾਂ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਹਰਕਤ ’ਚ
* 41 ਘੰਟਿਆਂ ਅੰਦਰ ਲਾਸ਼ ਖਰਾਬ ਹੋਣ ਦੀ ਸ਼ਿਕਾਇਤ ’ਤੇ ਮੰਗਿਆ ਸਪੱਸ਼ਟੀਕਰਨ
* ਸੀ.ਸੀ.ਟੀ.ਵੀ. ਫੁਟੇਜ ਤੇ ਰਿਕਾਰਡ ਸੁਰੱਖਿਅਤ ਰੱਖਣ ਦੀ ਕੀਤੀ ਹਦਾਇਤ
ਫਗਵਾੜਾ 22 ਜੁਲਾਈ ਸਿਵਲ ਹਸਪਤਾਲ ਫਗਵਾੜਾ ਦੀ ਮੋਰਚਰੀ ਵਿੱਚ ਰੱਖੀ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਕਰੀਬ 41 ਘੰਟਿਆਂ ਅੰਦਰ ਖਰਾਬ ਹੋਣ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ (ਪੀ.ਐੱਸ.ਐੱਚ.ਆਰ.ਸੀ.) ਦੇ ਕੋਰ ਗਰੁੱਪ ਮੈਂਬਰ (ਸਲਾਹਕਾਰ) ਇੰਜੀਨੀਅਰ ਪਿਊਸ਼ ਸੋਨੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਹਸਪਤਾਲ ਪ੍ਰਸ਼ਾਸਨ ਤੋਂ ਤੱਥਾਤਮਕ ਰਿਪੋਰਟ ਅਤੇ ਸਪੱਸ਼ਟੀਕਰਨ ਮੰਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਉਮਨ ਰਾਈਟ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਿਵਾਸੀ ਉਦੈ ਯਾਦਵ (52) ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਦੈ ਯਾਦਵ ਦੀ 17 ਜੁਲਾਈ ਨੂੰ ਫਗਵਾੜਾ ਵਿੱਚ ਕੰਮ ਦੌਰਾਨ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਦੇ ਉੱਤਰ ਪ੍ਰਦੇਸ਼ ਤੋਂ ਪਹੁੰਚਣ ਤੱਕ ਉਸੇ ਦਿਨ ਸ਼ਾਮ ਕਰੀਬ 4 ਵਜੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ। ਪੀੜ੍ਹਤ ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ 19 ਜੁਲਾਈ ਸਵੇਰੇ ਕਰੀਬ 9 ਵਜੇ ਲਾਸ਼ ਲੈਣ ਲਈ ਮੋਰਚਰੀ ਪਹੁੰਚੇ ਤਾਂ ਲਾਸ਼ ਬਹੁਤ ਜ਼ਿਆਦਾ ਖਰਾਬ ਹਾਲਤ ਵਿੱਚ ਸੀ ਅਤੇ ਉਸ ਵਿੱਚੋਂ ਬਦਬੂ ਆ ਰਹੀ ਸੀ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਗਰਮੀ ਅਤੇ ਲਾਸ਼ ਦੇ ਦੇਰ ਨਾਲ ਮੋਰਚਰੀ ਵਿੱਚ ਪਹੁੰਚਣ ਨੂੰ ਇਸ ਦਾ ਕਾਰਨ ਦੱਸਿਆ, ਜਦਕਿ ਇਹ ਵੀ ਕਿਹਾ ਗਿਆ ਕਿ ਮੋਰਚਰੀ ਦੇ ਫਰੀਜ਼ਰ ਚਾਲੂ ਸਨ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਲਾਸ਼ ਜਮਾਂ ਕਰਵਾਉਣ ਸਮੇਂ ਪਰਿਵਾਰ ਨੂੰ ਕੋਈ ਲਿਖਤੀ ਰਸੀਦ ਨਹੀਂ ਦਿੱਤੀ ਗਈ ਅਤੇ ਸਿਰਫ਼ ਰਜਿਸਟਰ ਦੀ ਫੋਟੋ ਖਿੱਚਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਰਜਿਸਟਰ ਵਿੱਚ ਦਰਜ ਕੁਝ ਜਾਣਕਾਰੀਆਂ ਵੀ ਅਧੂਰੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕਮਿਸ਼ਨ ਦੇ ਕੋਰ ਕਮੇਟੀ ਮੈਂਬਰ ਕਪੂਰਥਲਾ ਇੰਜੀਨੀਅਰ ਪਿਊਸ਼ ਸੋਨੀ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੂੰ ਮਾਮਲੇ ਨਾਲ ਸਬੰਧਤ ਸੀ.ਸੀ.ਟੀ.ਵੀ. ਫੁਟੇਜ, ਮੋਰਚਰੀ ਦੇ ਤਾਪਮਾਨ (ਟੈਂਪਰੇਚਰ) ਰਿਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ, ਤਾਂ ਜੋ ਜਾਂਚ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਤੋਂ 24 ਘੰਟਿਆਂ ਅੰਦਰ ਸ਼ੁਰੂਆਤੀ ਤੱਥਾਤਮਕ ਰਿਪੋਰਟ ਅਤੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜੇਕਰ ਨਿਰਧਾਰਿਤ ਸਮੇਂ ਅੰਦਰ ਸੰਤੋਸ਼ਜਨਕ ਜਵਾਬ ਨਹੀਂ ਮਿਲਦਾ ਤਾਂ ਲੋੜੀਂਦੀ ਕਾਨੂੰਨੀ ਤੇ ਪ੍ਰਸ਼ਾਸਕੀ ਕਾਰਵਾਈ ਲਈ ਲਿਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ, ਜ਼ਿੰਮੇਵਾਰੀ ਤੈਅ ਕਰਨਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਰੋਕਣਾ ਬੇਹੱਦ ਜ਼ਰੂਰੀ ਹੈ। ਹਾਲਾਂਕਿ ਮਾਮਲੇ ਦੀ ਅਸਲ ਸੱਚਾਈ ਦਾ ਪਤਾ ਸਿਰਫ਼ ਨਿਰਪੱਖ ਜਾਂਚ, ਤਕਨੀਕੀ ਰਿਕਾਰਡ ਅਤੇ ਉਪਲਬਧ ਸਬੂਤਾਂ ਦੀ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਜੇਕਰ ਜਾਂਚ ਵਿੱਚ ਇਹ ਤੱਥ ਸਹੀ ਪਾਏ ਜਾਂਦੇ ਹਨ ਤਾਂ ਰਿਕਾਰਡ ਪ੍ਰਬੰਧਨ ਅਤੇ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਸਕਦੇ ਹਨ।
Related