ਫਿਰੋਜ਼ਪੁਰ ( ਜਤਿੰਦਰ ਪਿੰਕਲ ) ਦਰਿਆ ਸਤਲੁਜ ਵਿਚ ਪਾਣੀ ਦਾ ਵਧਣਾ ਜਾਰੀ ਹੈ, ਵਧਦੇ ਪਾਣੀ ਕਾਰਨ ਜ਼ਿੰਦਗੀ ਹੋਰ ਔਖੇਰੀ ਹੁੰਦੀ ਜਾ ਰਹੀ ਹੈ। ਕੁਝ ਲੋਕ ਘਰ ਛੱਡ ਅਤੇ ਕੁਝ ਘਰਾਂ ਦੀਆਂ ਛੱਤਾਂ ਉੱਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹੋ ਰਹੇ ਹਨ। ਅਜਿਹੇ ਵਿਚ ਦਾਨੀ ਸੱਜਣ ਖੁੱਲ੍ਹ ਕੇ ਹਮਾਇਤ ਲਈ ਅੱਗੇ ਆ ਰਹੇ ਹਨ। ਏਸੇ ਲੜੀ ਤਹਿਤ ਪੰਜਾਬੀ ਦੇ ਮਸ਼ਹੂਰ ਅਦਾਕਾਰ ਅਤੇ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਵੀ ਆਪਣੀ ਟੀਮ ਨਾਲ ਹੜ੍ਹ ਪੀੜ੍ਹਤਾਂ ਵਾਸਤੇ ਰਾਹਤ ਸਮੱਗਰੀ ਲੈਕੇ ਫ਼ਿਰੋਜ਼ਪੁਰ ਦੇ ਇਲਾਕੇ ਵਿਚ ਪੁੱਜੇ। ਪ੍ਰਿੰਸ ਕੰਵਲਜੀਤ ਸਿੰਘ ਅਤੇ ਅਰਸ਼ ਸੱਚਰ ਵੱਲੋਂ ਪਿੰਡ ਨਿਹਾਲਾ, ਕਿਲਚਾ ਅਤੇ ਪੱਲਾ ਮੇਘਾ ਦੀਆਂ ਬੰਨ੍ਹ ਅੰਦਰ ਡੁੱਬੇ ਚੁੱਕੇ ਘਰਾਂ ਨੂੰ ਪਸ਼ੂਆਂ ਲਈ ਫੀਡ, ਰਾਸ਼ਨ, ਖਾਰਸ਼ ਤੋਂ ਰਾਹਤ ਲਈ ਪਾਊਡਰ ਆਦਿ ਸਮਾਨ ਦੀ ਵੰਡ ਕੀਤੀ। ਇਸ ਤੋਂ ਬਾਅਦ ਬੀ ਐੱਸ ਐੱਫ ਦੇ ਜੁਆਨਾਂ ਨਾਲ ਬੋਟ ਵਿਚ ਬੈਠ ਕੇ ਡੁੱਬ ਚੁੱਕੇ ਘਰਾਂ ਤੱਕ ਵੀ ਪਹੁੰਚ ਕੀਤੀ। ਰਾਹਤ ਸਮੱਗਰੀ ਵੰਡਣ ਤੋਂ ਬਾਅਦ ਪ੍ਰਿੰਸ ਕੰਵਲਜੀਤ ਸਿੰਘ ਪਿੰਡ ਹਬੀਬ ਕੇ ਪੁੱਜੇ ਤੇ ਟੁੱਟ ਰਹੇ ਬੰਨ੍ਹ ਨੂੰ ਬਚਾਉਣ ਲਈ ਦਿਨ ਰਾਤ ਇੱਕ ਕਰ ਰਹੇ ਲੋਕਾਂ ਦੇ ਹੌਂਸਲੇ, ਜਜ਼ਬੇ ਨੂੰ ਸਲੂਟ ਕਰਨੋਂ ਨਾ ਰਹੇ ਸਕੇ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਿੰਸ ਕੰਵਲਜੀਤ ਸਿੰਘ ਨੇ ਕਿਹਾ ਕਿ ਲੋਕਾਂ ਦਾ ਦਰਦ ਵੇਖਿਆ ਨਹੀਂ ਜਾ ਰਿਹਾ, ਫ਼ਸਲਾਂ, ਘਰ ਸਭ ਬਰਬਾਦ ਹੋ ਰਿਹਾ ਹੈ, ਪਰ ਫਿਰ ਵੀ ਸਾਡੇ ਪੰਜਾਬੀ ਲੋਕ ਹੌਂਸਲੇ ਵਿਚ ਹਨ। ਓਹਨਾ ਕਿਹਾ ਕਿ ਚੜ੍ਹਦੀਆਂ ਕਲਾਵਾਂ ਸਾਨੂੰ ਗੁੜ੍ਹਤੀ ਵਿਚ ਮਿਲੀਆਂ ਹਨ। ਵਾਕਿਆ ਹੀ ਪੰਜਾਬ ਗੁਰਾਂ ਦੇ ਨਾਮ ‘ਤੇ ਵੱਸਦਾ ਹੈ। ਇਸ ਮੌਕੇ ਓਹਨਾ ਨਾਲ ਗੀਤਕਾਰ, ਰਾਸ਼ਟਰੀ ਤੇ ਸਟੇਟ ਐਵਾਰਡ ਜੇਤੂ ਗੁਰਨਾਮ ਸਿੱਧੂ ਗਾਮਾ, ਮਸ਼ਹੂਰ ਅਦਾਕਾਰ ਹਰਿੰਦਰ ਭੁੱਲਰ, ਪ੍ਰੋਡਿਊਸਰ ਡਾ.ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਜੰਗਲਾਤ ਅਫ਼ਸਰ ਸਤਿੰਦਰ ਪਾਲ ਸਿੰਘ, ਰੇਂਜ ਅਫ਼ਸਰ ਗੁਰਜੀਤ ਬਰਾੜ, ਵੀਰ ਬਿਕਰਮਜੀਤ ਸਿੰਘ, ਅਮਨ ਚੀਮਾ, ਸੰਜੀਵ ਕਲੇਰ, ਲਾਲੀ ਰਾਮਕਰਨ, ਹਰੀਸ਼ ਹਨੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।