
Skip to content

ਹਦੀਆਬਾਦ ਕੁਸ਼ਤੀ ਅਖਾੜੇ ਦੇ ਪਹਿਲਵਾਨਾਂ ਨੂੰ ਮਿਲੇ ਰੈਸਲਿੰਗ ਐਸੋਸੀਏਸ਼ਨ ਜਿਲ੍ਹਾ ਕਪੂਰਥਲਾ ਦੇ ਅਹੁਦੇਦਾਰ ਮਿੱਟੀ ਤੇ ਗੱਦੇ ਦੀ ਕੁਸ਼ਤੀ ‘ਚ ਤਾਲਮੇਲ ਬਨਾਉਣਾ ਉਦੇਸ਼ – ਰਿੰਪਲ ਕੁਮਾਰ
ਫਗਵਾੜਾ 22 ਜੂਨ ਰੈਸਲਿੰਗ ਐਸੋਸੀਏਸ਼ਨ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਿੰਪਲ ਕੁਮਾਰ ਪਹਿਲਵਾਨ ਅਤੇ ਜਨਰਲ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਨੇ ਸਥਾਨਕ ਹਦੀਆਬਾਦ ਸਥਿਤ ਕੁਸ਼ਤੀ ਅਖਾੜੇ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਅਖਾੜੇ ਦੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ। ਅਖਾੜੇ ਦੇ ਸੰਚਾਲਕ ਉਸਤਾਦ ਕੁਲਵੰਤ ਸਿੰਘ ਮਾਨਾਂਵਾਲੀ ਅਤੇ ਸੋਹਨ ਸਿੰਘ ਤੁਫਾਨ ਕੋਚ ਨੇ ਦੱਸਿਆ ਕਿ ਇਸ ਅਖਾੜੇ ਤੋਂ ਕਈ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ‘ਚ ਮੱਲਾਂ ਮਾਰੀਆਂ ਅਤੇ ਅਖਾੜੇ ਦਾ ਮਾਣ ਵਧਾਇਆ ਹੈ। ਪ੍ਰਧਾਨ ਰਿੰਪਲ ਕੁਮਾਰ ਨੇ ਅਖਾੜੇ ਵਿੱਚ ਪਹਿਲਵਾਨਾਂ ਨੂੰ ਦਿੱਤੀ ਜਾ ਰਹੀ ਟਰੇਨਿੰਗ ਦੀ ਸ਼ਲਾਘਾ ਕੀਤੀ। ਉਹਨਾਂ ਨੇ ਪਹਿਲਵਾਨਾਂ ਨੂੰ ਦੱਸਿਆ ਕਿ ਇਸ ਦੌਰੇ ਦਾ ਮਕਸਦ ਮਿੱਟੀ ਦੇ ਅਖਾੜੇ ਅਤੇ ਗੱਦੇ ਦੀ ਕੁਸ਼ਤੀ ਦੇ ਪਹਿਲਵਾਨਾਂ ‘ਚ ਤਾਲਮੇਲ ਬਨਾਉਣਾ ਹੈ। ਉਹਨਾਂ ਕਿਹਾ ਕਿ ਮਿੱਟੀ ਦੀ ਕੁਸ਼ਤੀ ਬੇਸ਼ਕ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ। ਪਰ ਅਜੋਕੇ ਸਮੇਂ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਗੱਦੇ ਦੀ ਕੁਸ਼ਤੀ ਦਾ ਮਹੱਤਵ ਹੈ। ਏਸ਼ੀਆਡ ਤੋਂ ਓਲੰਪਿਕ ਤੱਕ ਗੱਦੇ ਦੀ ਕੁਸ਼ਤੀ ਨੂੰ ਹੀ ਅੰਤਰਾਸ਼ਟਰੀ ਮਾਪਦੰਡਾ ਅਧੀਨ ਮਾਨਤਾ ਪ੍ਰਾਪਤ ਹੈ। ਮਿੱਟੀ ਦੀ ਕੁਸ਼ਤੀ ਦੇ ਨਾਲ ਹੀ ਪਹਿਲਵਾਨਾ ਨੂੰ ਗੱਦੇ ਦੀ ਕੁਸ਼ਤੀ ਦੇ ਗੁਰ ਵੀ ਸਿੱਖਣੇ ਚਾਹੀਦੇ ਹਨ ਤਾਂ ਜੋ ਉਹ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣਾ ਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਪੰਜਾਬ ਦਾ ਨਾਮ ਵੀ ਰੌਸ਼ਨ ਕਰ ਸਕਣ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੰਜੇ ਕੁਮਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਖਸ਼ੀ ਦੀਆਂ ਹਦਾਇਤਾਂ ਅਨੁਸਾਰ ਆਉਂਦੇ ਦਿਨਾਂ ਵਿੱਚ ਜਿਲ੍ਹਾ ਕਪੂਰਥਲਾ ਦੇ ਪ੍ਰਮੁੱਖ ਮਿੱਟੀ ਵਾਲੇ ਕੁਸ਼ਤੀ ਅਖਾੜਿਆਂ ਦਾ ਦੌਰਾ ਕਰਕੇ ਪਹਿਲਵਾਨਾਂ ਅਤੇ ਅਖਾੜਿਆਂ ਦੇ ਸੰਚਾਲਕਾ ਨਾਲ ਰਾਬਤਾ ਕੀਤਾ ਜਾਵੇਗਾ। ਤਾਂ ਜੋ ਪਹਿਲਵਾਨਾਂ ਨੂੰ ਕੁਸ਼ਤੀ ਦੇ ਅੰਤਰ-ਰਾਸ਼ਟਰੀ ਨਿਯਮਾਂ ਨਾਲ ਜਾਣੂ ਕਰਵਾਉਂਦੇ ਹੋਏ ਗੱਦੇ ਦੀ ਕੁਸ਼ਤੀ ਸਿੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਵਿਸ਼ਾਲ ਪਹਿਲਵਾਨ, ਬਲਵੀਰ ਪਹਿਲਵਾਨ, ਕਾਰਤਿਕ ਪਹਿਲਵਾਨ, ਦੀਵਾਂਸ਼ੂ ਪਹਿਲਵਾਨ, ਨਮਨ ਪਹਿਲਵਾਨ, ਗੁਰਪ੍ਰੀਤ ਪਹਿਲਵਾਨ, ਸ਼ਾਹ ਮੁਹੰਮਦ ਪਹਿਲਵਾਨ, ਸਾਹਿਲ ਪਹਿਲਵਾਨ, ਸੋਨੀ ਪਹਿਲਵਾਨ, ਰਾਕੇਸ਼ ਪਹਿਲਵਾਨ, ਜੀਤਾ ਪਹਿਲਵਾਨ ਆਦਿ ਹਾਜਰ ਸਨ। ਤਸਵੀਰ – ਫਗਵਾੜਾ ਦੇ ਹਦੀਆਬਾਦ ਸਥਿਤ ਕੁਸ਼ਤੀ ਅਖਾੜੇ ਦੇ ਪਹਿਲਵਾਨਾਂ, ਉਸਤਾਦ ਕੁਲਵੰਤ ਸਿੰਘ ਮਾਨਾਂਵਾਲੀ ਅਤੇ ਸੋਹਨ ਸਿੰਘ ਤੁਫਾਨ ਕੋਚ ਦੇ ਨਾਲ ਮੁਲਾਕਾਤ ਦੌਰਾਨ ਰੈਸਲਿੰਗ ਐਸੋਸੀਏਸ਼ਨ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਿੰਪਲ ਕੁਮਾਰ ਅਤੇ ਜਨਰਲ ਸਕੱਤਰ ਰੀਤ ਪ੍ਰੀਤ ਪਾਲ ਸਿੰਘ।
Related