ਜਤਿੰਦਰ ਪਿੰਕਲ, ਫ਼ਿਰੋਜ਼ਪੁਰ: ਸਰਕਾਰੀ ਦਫ਼ਤਰਾਂ ਵਿੱਚ ਮਾਲ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸੇਵਾ ਮੁਕਤ ਪਟਵਾਰੀ, ਕਾਨੂੰਨਗੋ ਤੇ ਰੈਵੀਨਿਊ ਅਫ਼ਸਰਜ਼ ਯੂਨੀਅਨ ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਜਥੇਬੰਦੀ ਦੇ ਪ੍ਰਧਾਨ ਜਸਬੀਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਤੱਖੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲਣ ਪਹੁੰਚਿਆ। ਡਿਪਟੀ ਕਮਿਸ਼ਨਰ ਦੀ ਗੈਰਹਾਜ਼ਰੀ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਮੈਡਮ ਲਵਪ੍ਰੀਤ ਕੌਰ ਨੇ ਵਫ਼ਦ ਨਾਲ ਮੀਟਿੰਗ ਕੀਤੀ।

ਇਸ ਦੌਰਾਨ ਸੇਵਾ ਮੁਕਤ ਕਰਮਚਾਰੀਆਂ ਨਾਲ ਸਬੰਧਤ 1 ਜਨਵਰੀ 2016 ਦੇ ਬਕਾਏ, ਲੰਬਿਤ ਮੈਡੀਕਲ ਬਿੱਲਾਂ ਅਤੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਬਕਾਇਆ ਪੈਨਸ਼ਨ ਕੇਸਾਂ ਸਬੰਧੀ ਪ੍ਰਸ਼ਾਸਨ ਨਾਲ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਵਫ਼ਦ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਉਠਾਏ ਜਾ ਰਹੇ ਮਸਲੇ ਕੋਈ ਨਵੀਆਂ ਮੰਗਾਂ ਨਹੀਂ, ਸਗੋਂ ਸੇਵਾ ਮੁਕਤ ਕਰਮਚਾਰੀਆਂ ਦੇ ਰੋਜ਼ਮਰ੍ਹਾ ਦੇ ਜਾਇਜ਼ ਕੰਮ ਹਨ। ਇਨ੍ਹਾਂ ਦੇ ਲੰਬਿਤ ਰਹਿਣ ਕਾਰਨ ਸੇਵਾ ਮੁਕਤ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਨੇ ਪ੍ਰਸ਼ਾਸਨ ਤੋਂ ਇਨ੍ਹਾਂ ਮਾਮਲਿਆਂ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ।

ਜ਼ਿਲ੍ਹਾ ਮਾਲ ਅਫ਼ਸਰ ਮੈਡਮ ਲਵਪ੍ਰੀਤ ਕੌਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਨਿੱਜੀ ਤੌਰ ’ਤੇ ਦਿਲਚਸਪੀ ਲੈ ਕੇ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਕਰਮਚਾਰੀ ਵੀ ਪ੍ਰਸ਼ਾਸਨ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਨਾਲ ਸਬੰਧਤ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

ਇਸ ਮੌਕੇ ਮੁੱਖ ਸਲਾਹਕਾਰ ਹਰਮੀਤ ਵਿਦਿਆਰਥੀ, ਸਰਪ੍ਰਸਤ ਜਸਵੰਤ ਸਿੰਘ ਛਾਬੜਾ, ਮੀਤ ਪ੍ਰਧਾਨ ਸੁਖਦੇਵ ਸਿੰਘ, ਜਸਵਿੰਦਰ ਸਿੰਘ ਖੁੰਗਰ, ਸੁਧੀਰ ਕੁਮਾਰ, ਦਲੀਪ ਸਿੰਘ ਵਿਜੇ ਮੈਣੀ, ਜਸਪਾਲ ਸਿੰਘ, ਕੁਲਵੰਤ ਸਿੰਘ ਅਤੇ ਗੁਰਮੇਜ ਸਿੰਘ ਸਦਰ ਕਾਨੂੰਨਗੋ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।