LPU ਹੰਗਾਮਾ ਮਾਮਲੇ ’ਚ ਪੁਲਸ ਨੂੰ ਮਿਲਿਆ ਅਹਿਮ ਸਬੂਤ, ਹਿੰਸਾ ਤੋਂ 5 ਦਿਨ ਪਹਿਲਾਂ ਵਾਇਰਲ ਹੋਇਆ ਸੀ ਮੈਸੇਜ

ਫਗਵਾੜਾ (ਅਰਸ਼ਦੀਪ ਸਿੰਘ ਕਾਲੜਾ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿਚ ਹੋਏ ਹੰਗਾਮੇ, ਭੰਨ੍ਹਤੋੜ ਅਤੇ ਅੱਗਜ਼ਨੀ ਦੇ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਪੁਲਸ ਦੇ ਹੱਥ ਇਕ ਅਹਿਮ ਸਬੂਤ ਲੱਗਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਿੰਸਕ ਘਟਨਾ ਤੋਂ ਕਰੀਬ ਪੰਜ ਦਿਨ ਪਹਿਲਾਂ ਇਕ ਮੈਸੇਜ ਇੰਟਰਨੈੱਟ ’ਤੇ ਵਾਇਰਲ ਹੋਇਆ ਸੀ। ਇਹ ਮੈਸੇਜ ਸੋਸ਼ਲ ਮੀਡੀਆ ਪਲੇਟਫਾਰਮ ‘ਰੈਡਿਟ’ ਰਾਹੀਂ ਯੂਨੀਵਰਸਿਟੀ ਦੇ ਇਕ ਗਰਲਜ਼ ਹਾਸਟਲ ਤੱਕ ਪਹੁੰਚਿਆ ਅਤੇ ਉਥੋਂ ਕੈਂਪਸ ਵਿਚ ਫੈਲਿਆ।

ਮੈਸੇਜ ਵਿਚ ਇਕ ਵਿਦਿਆਰਥਣ ਨਾਲ ਹੋਸਟਲ ਵਿਚ ਕਥਿਤ ਜਬਰ-ਜ਼ਿਨਾਹ ਅਤੇ ਦੋ ਦਿਨ ਬਾਅਦ ਉਸ ਵੱਲੋਂ ਖ਼ੁਦਕੁਸ਼ੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇਸ ਦਾਅਵੇ ਨੂੰ ਲੈ ਕੇ ਬਾਅਦ ਵਿਚ ਵਿਦਿਆਰਥੀਆਂ ਵਿਚ ਰੋਸ ਵਧਿਆ। ਹਾਲਾਂਕਿ, ਯੂਨੀਵਰਸਿਟੀ ਪ੍ਰਬੰਧਨ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕਰਦਿਆਂ ਇਸਨੂੰ ਅਫ਼ਵਾਹ ਕਰਾਰ ਦਿੱਤਾ ਹੈ।

ਪੁਲਸ ਹੁਣ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਮੈਸੇਜ ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤਾ ਅਤੇ ਇਸਨੂੰ ਹੋਸਟਲ ਤੱਕ ਕਿਹੜੇ ਆਈ.ਪੀ. ਐਡਰੈੱਸ ਤੋਂ ਪਹੁੰਚਾਇਆ ਗਿਆ। ਸਾਈਬਰ ਸੈੱਲ ਵੱਲੋਂ ਇਸ ਸਬੰਧੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਪੋਸਟ ਵਿਚ ਕੀਤੇ ਗਏ ਦਾਅਵਿਆਂ ਤੋਂ ਬਾਅਦ ਵਿਦਿਆਰਥੀਆਂ ਵਿਚ ਰੋਸ ਵਧਿਆ ਅਤੇ ਸ਼ਨੀਵਾਰ ਦੇਰ ਰਾਤ ਮਾਮਲਾ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇਅ ਰੋਕਣ ਦੇ ਨਾਲ ਕੈਂਪਸ ਵਿਚ ਭੰਨ੍ਹਤੋੜ ਕੀਤੀ ਗਈ। ਇਸ ਦੌਰਾਨ ਵਾਹਨਾਂ ਅਤੇ ਪੁਲਸ ਦੀਆਂ ਗੱਡੀਆਂ ਨੂੰ ਅੱਗ ਲਗਾਉਣ ਅਤੇ ਪਥਰਾਅ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ।

ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਵੀ ਕੀਤਾ ਗਿਆ ਹੈ। ਪੁਲਸ ਹੁਣ ਵਾਇਰਲ ਮੈਸੇਜ ਦੇ ਸਰੋਤ, ਇਸਨੂੰ ਫੈਲਾਉਣ ਵਾਲਿਆਂ ਅਤੇ ਹੰਗਾਮੇ ਦੌਰਾਨ ਹੋਈ ਹਿੰਸਾ ਵਿਚ ਸ਼ਾਮਲ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।