
Skip to content
ਜਲੰਧਰ (ਸੁਰਿੰਦਰ ਸ਼ਰਮਾ) : ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸਾਹੀ ਛੇਵੀਂ, ਬਸਤੀ ਸ਼ੇਖ ਵਿਖੇ ਕਲਗੀਧਰ ਪਿਤਾ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ, ਚਾਰਾਂ ਸਾਹਿਬਜ਼ਾਦਿਆਂ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਫ਼ਰ-ਏ-ਸ਼ਹਾਦਤ ਸਮਾਗਮ ਬੜੀ ਸ਼ਰਧਾ, ਭਾਵਨਾ ਅਤੇ ਸਤਿਕਾਰ ਸਹਿਤ ਮਨਾਏ ਗਏ।ਇਹ ਪਾਵਨ ਸਮਾਗਮ 21 ਦਸੰਬਰ ਤੋਂ 27 ਦਸੰਬਰ ਤੱਕ ਲਗਾਤਾਰ ਆਯੋਜਿਤ ਕੀਤੇ ਗਏ, ਜਿਨ੍ਹਾਂ ਦੌਰਾਨ ਰੋਜ਼ਾਨਾ ਨਾਮ ਸਿਮਰਨ, ਗੁਰਮਤਿ ਕਥਾ, ਕੀਰਤਨ ਅਤੇ ਕਾਵਿ ਰਚਨਾਵਾਂ ਰਾਹੀਂ ਸੰਗਤਾਂ ਨੇ ਆਪਣੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕੀਤਾ। ਸੰਗਤਾਂ ਨੇ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਨਾਲ ਨਤਮਸਤਕ ਹੋ ਕੇ ਉਨ੍ਹਾਂ ਦੇ ਚਰਨਾਂ ਵਿੱਚ ਸਿਰ ਨਿਵਾਏ।ਸਮਾਗਮਾਂ ਦੌਰਾਨ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਾਰੇ ਦਿਨਾਂ ਵਿੱਚ ਗੁਰ ਕੇ ਲੰਗਰ ਦੀ ਅਟੁੱਟ ਸੇਵਾ ਚਲਦੀ ਰਹੀ, ਜਿਸ ਨਾਲ ਸੇਵਾ ਅਤੇ ਸਿਮਰਨ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ।
ਇਸ ਪਾਵਨ ਆਯੋਜਨ ਦੀ ਸਫਲਤਾ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਟੀਟੂ, ਜਨਰਲ ਸਕੱਤਰ ਹਰਜੀਤ ਸਿੰਘ ਬਾਬਾ, ਸਰਦਾਰ ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ, ਤਰਲੋਚਨ ਸਿੰਘ ਛਾਬੜਾ, ਪ੍ਰਿਤਪਾਲ ਸਿੰਘ ਲੱਕੀ, ਜਸਪ੍ਰੀਤ ਸਿੰਘ ਹਨੀ, ਹਰਪ੍ਰੀਤ ਸਿੰਘ ਸਮੇਤ ਬੇਅੰਤ ਸੇਵਾਦਾਰਾਂ ਨੇ ਦਿਨ-ਰਾਤ ਨਿਸ਼ਕਾਮ ਸੇਵਾ ਕਰਕੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਸਫਲ ਬਣਾਏ।ਇਸ ਲੜੀ ਤਹਿਤ 26 ਦਸੰਬਰ ਦੀ ਰਾਤ ਵਿਸ਼ੇਸ਼ ਤੌਰ ‘ਤੇ ਬੱਚਿਆਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਤਕਰੀਬਨ 50 ਤੋਂ ਵੱਧ ਬੱਚਿਆਂ ਨੇ ਸ਼ਹੀਦਾਂ ਦੀ ਯਾਦ ਵਿੱਚ ਵੱਖ-ਵੱਖ ਕਵਿਤਾਵਾਂ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਬੱਚਿਆਂ ਦੀਆਂ ਭਾਵਪੂਰਣ ਪ੍ਰਸਤੁਤੀਆਂ ਨੇ ਸ਼ਹਾਦਤ ਦੇ ਇਤਿਹਾਸ ਨੂੰ ਜੀਵੰਤ ਕਰ ਦਿੱਤਾ।ਸਮੂਹ ਸਮਾਗਮ ਸ਼ਰਧਾ, ਸੇਵਾ ਅਤੇ ਸਿਮਰਨ ਦਾ ਅਨੋਖਾ ਮੇਲ ਸਾਬਤ ਹੋਏ, ਜਿੱਥੇ ਸੰਗਤਾਂ ਨੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋ ਕੇ ਗੁਰੂ ਚਰਨਾਂ ਵਿੱਚ ਆਪਣੀ ਸੱਚੀ ਅਰਦਾਸ ਭੇਟ ਕੀਤੀ।Related