
Skip to content
ਜਲੰਧਰ, (ਵਿੱਕੀ ਸੂਰੀ) : ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਵੱਲੋਂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਗੁਰਪੁਰਬ ਦੇ ਪਵਿੱਤਰ ਉਪਲੱਖ ’ਤੇ ਸ਼ਾਨਦਾਰ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਏ ਇਸ ਨਗਰ ਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਵਾਹਿਗੁਰੂ ਦੇ ਜਾਪ ਨਾਲ ਗੂੰਜਦੀਆਂ ਗਲੀਆਂ ਵਿੱਚ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਪੂਰੇ ਸ਼ਰਧਾ ਭਾਵ ਨਾਲ ਹਿੱਸਾ ਲਿਆ।ਆਰਮੀ ਬੈਂਡ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ, ਜਦਕਿ ਨੌਜਵਾਨਾਂ ਨੇ ਗਤਕੇ ਦੇ ਸ਼ਾਨਦਾਰ ਜੌਹਰ ਵਿਖਾ ਕੇ ਸੰਗਤਾਂ ਦੇ ਦਿਲ ਜਿੱਤ ਲਏ। ਇਸ ਮੌਕੇ ਨਿਹੰਗ ਸਿੰਘ ਸਭਾ ਬਾਬਾ ਗੁਰਚਰਨ ਸਿੰਘ ਤਰਨਾਦਲ ਵਾਲੇ, ਇਸਤਰੀ ਸਤਿਸੰਗ ਸਭਾ, ਲਾਇਲਪੁਰ ਖਾਲਸਾ ਸਕੂਲ ਦੇ ਵਿਦਿਆਰਥੀ, ਮਾਤਾ ਗੁਜਰੀ ਜੀ ਸੇਵਾ ਸੋਸਾਇਟੀ, ਸ਼ੇਖ ਦਰਵੇਸ਼ ਸੇਵਾ ਸੋਸਾਇਟੀ, ਭਾਈ ਤਜਿੰਦਰ ਸਿੰਘ ਪਾਰਸ ਤੇ ਭਾਈ ਗਜਬੀਰ ਸਿੰਘ ਦੀ ਕੀਰਤਨੀ ਜੱਥਾ ਸਮੇਤ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਹਿੱਸਾ ਲਿਆ।ਨਗਰ ਕੀਰਤਨ ਦਾ ਸਫਰ ਗੁਰਦੁਆਰਾ ਚਰਨ ਕੰਵਲ ਸਾਹਿਬ, ਵੱਡਾ ਬਾਜ਼ਾਰ ਤੋਂ ਸ਼ੁਰੂ ਹੋ ਕੇ ਕੁੜੀਆਂ ਵਾਲਾ ਸਕੂਲ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਗੁਲਬਿਆਂ ਮਹੱਲਾ, ਵੈਲਕਮ ਪੰਜਾਬ ਨਿਊਜ਼ ਪੇਪਰ ਰੋਡ, ਸੱਭਰਵਾਲ ਬੇਕਰੀ, ਕੋਟ ਮਹੱਲਾ, ਪੰਜਾਬ ਪਬਲਿਕ ਸਕੂਲ, ਸੂਦ ਹਸਪਤਾਲ, ਬਸਤੀ ਸ਼ੇਖ ਅੱਡਾ ਤੋਂ ਹੁੰਦਾ ਹੋਇਆ ਦੁਬਾਰਾ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਂ ਛੇਵੀਂ) ਵੱਡਾ ਬਾਜ਼ਾਰ ਵਿਖੇ ਸੰਪੰਨ ਹੋਇਆ।ਨਗਰ ਕੀਰਤਨ ਦੇ ਦੌਰਾਨ ਰਾਹੀਂ–ਰਾਹੀਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ, ਠੰਢੇ ਪਾਣੀ ਦੀ ਸੇਵਾ ਅਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਪੂਰਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਹੋਇਆ ਸੀ। ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦੀ ਮਿੱਠੀ ਧੁੰਨ ਨਾਲ ਅੰਬਰ ਗੂੰਜ ਉਠਿਆ, ਜਦਕਿ ਗਤਕਾ ਪਾਰਟੀਆਂ ਨੇ ਸ਼ਸਤ੍ਰ ਵਿਦਿਆ ਦੇ ਅਦਭੁਤ ਜੌਹਰ ਵਿਖਾ ਕੇ ਸੰਗਤਾਂ ਦੇ ਦਿਲ ਮੋਹ ਲਏ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਾਰਡ ਨੰਬਰ 50 ਦੇ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਤੇ ਜਨਰਲ ਸਕੱਤਰ ਹਰਜੀਤ ਸਿੰਘ ਬਾਬਾ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਤੇ ਗੁਰੂ ਦੇ ਪਵਿੱਤਰ ਉਪਦੇਸ਼ਾਂ ਨੂੰ ਜੀਵਨ ਵਿੱਚ ਅਮਲ ਕਰਨ ਦੀ ਪ੍ਰੇਰਣਾ ਦੇਣਾ ਹੈ।ਇਸ ਪਵਿੱਤਰ ਮੌਕੇ ਤੇ ਸਾਬਕਾ MLA ਸ਼ੀਤਲ ਅੰਗੂਰਾਲ, ਵਾਰਡ ਨੰ 50 ਦੇ ਕੌਂਸਲਰ ਸ.ਮਨਜੀਤ ਸਿੰਘ ਟੀਟੂ, ਹਰਜੀਤ ਸਿੰਘ ਬਾਬਾ, ਅਮਰਪ੍ਰੀਤ ਸਿੰਘ ਰਿੰਕੂ, ਤਰਲੋਚਨ ਸਿੰਘ ਛਾਬੜਾ, ਪਿਆਰਾ ਸਿੰਘ, ਹਰਪ੍ਰੀਤ ਸਿੰਘ, ਗੁਰਮਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ ਮਿੱਠੂ, ਸਰਬਜੀਤ ਸਿੰਘ ਕਾਲੜਾ, ਗਗਨਦੀਪ ਸਿੰਘ, ਪ੍ਰਿਤਪਾਲ ਸਿੰਘ, ਸੁਖਜਿੰਦਰ ਸਿੰਘ ਅਲੱਗ, ਇੰਦਰਜੀਤ ਸਿੰਘ ਬੱਬਰ, ਬਲਵੰਤ ਸਿੰਘ ਕੋਚਰ, ਚਰਨਜੀਤ ਸਿੰਘ ਸੰਤ,ਗੁਰਸ਼ਰਨ ਸਿੰਘ ਛਨੁ, ਹਰਪ੍ਰੀਤ ਸਿੰਘ ਹੈਪੀ, ਜਸਪ੍ਰੀਤ ਸਿੰਘ ਹਨੀ ਆਦਿ ਵਿਅਕਤੀਆਂ ਨੇ ਹਾਜ਼ਰੀ ਭਰਕੇ ਸੰਗਤਾਂ ਨੂੰ ਪ੍ਰੇਰਿਤ ਕੀਤਾ।ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਗੁਰੂ ਦੇ ਬਾਣੀ ਬਚਨ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਨੂੰ ਜੀਵਨ ਵਿੱਚ ਉਤਾਰਨ ਦਾ ਸੰਕਲਪ ਕੀਤਾ।Related