Skip to content
ਜਲੰਧਰ (ਪਰਦੀਪ ਕੰਗ) : ਥਾਣਾ ਨੰਬਰ 2 ਦੇ ਅਧੀਨ ਆਉਂਦੇ ਚਿਕ-ਚਿਕ ਚੌਂਕ ਦੇ ਨੇੜੇ ਆਦਰਸ਼ ਨਗਰ ਵਿੱਚ ਵੀਰਵਾਰ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਿੱਥੇ ਫਲਾਂ ਦੀ ਰਹਿੜੀ ਲਗਾਉਣ ਵਾਲੇ ਵਿਅਕਤੀ ਉੱਤੇ 10 ਤੋਂ ਵੱਧ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਜਬਰਦਸਤ ਹੰਗਾਮਾ ਕੀਤਾ। ਹਮਲੇ ਵਿੱਚ ਫਲ ਵਿਕਰੇਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਹਮਲੇ ਦੌਰਾਨ ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਵੀਡੀਓ ਵੀ ਬਣਾ ਲਈ।
ਲੋਕਾਂ ਨੇ ਦੋਸ਼ ਲਗਾਇਆ ਕਿ ਇਹੀ ਹਮਲਾਵਰ ਬੁੱਧਵਾਰ ਰਾਤ ਨੂੰ ਵੀ ਇੱਕ ਮਜ਼ਦੂਰ ਪਰਿਵਾਰ ਨਾਲ ਮਾਰਪੀਟ ਕਰ ਚੁੱਕੇ ਹਨ। ਪੀੜਤਾਂ ਨੇ ਉਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਪਰ ਕਾਰਵਾਈ ਨਾ ਹੋਣ ਕਰਕੇ ਇਹ ਦੋਬਾਰਾ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਆਏ। ਇਸ ਵਾਰ ਉਨ੍ਹਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਰਹਿੜੀ ਉੱਤੇ ਹਮਲਾ ਕੀਤਾ, ਫਲਾਂ ਨੂੰ ਸੜਕ ‘ਤੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਮਾਮਲੇ ਦੀ ਜਾਣਕਾਰੀ ਸਥਾਨਕ ਕੌਂਸਲਰ ਨਿਤਿਨ ਕੋਹਲੀ ਨੂੰ ਦਿੱਤੀ ਗਈ। ਉਨ੍ਹਾਂ ਨੇ ਤੁਰੰਤ ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰਕੇ ਗਰੀਬ ਪਰਿਵਾਰ ਨਾਲ ਹੋਈ ਜਬਰਦਸਤੀ ਦੀ ਸ਼ਿਕਾਇਤ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਦੇ ਪੁੱਤਰ ਅਤੁਲ ਭਗਤ ਅਤੇ ਭਤੀਜੇ ਚੰਦਨ ਭਗਤ ਵੀ ਮੌਕੇ ‘ਤੇ ਪਹੁੰਚੇ।
ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਚੰਦਨ ਭਗਤ ਨੇ ਮੌਕੇ ‘ਤੇ ਪਹੁੰਚੇ ਥਾਣਾ ਨੰਬਰ 2 ਦੇ ਇੰਚਾਰਜ ਨੂੰ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ। ਥਾਣਾ ਇੰਚਾਰਜ ਨੇ ਭਰੋਸਾ ਦਿੱਤਾ ਕਿ ਸਵੇਰ ਤੱਕ ਸਾਰੇ ਦੋਸ਼ੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਅਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ।
Related