Skip to content
ਬੀਤੇ ਦਿਨੀਂ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਕਰਨ ਵਾਲੇ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। 2 ਨੌਜਵਾਨ ਹਥਿਆਰਾਂ ਲੈ ਕੇ ਵਿਆਹ ਵਾਲੇ ਪੈਲੇਸ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਮੂੰਹ ‘ਤੇ ਕੋਈ ਵੀ ਨਕਾਬ ਨਹੀਂ ਪਾਇਆ ਹੋਇਆ ਸੀ ਤੇ ਬੇਖੌਫ ਹੋ ਕੇ ਸਰਪੰਚ ਦਾ ਕਤਲ ਕਰਕੇ ਮੌਕੇ ਤੋਂ ਭੱਜ ਗਏ।
ਜਾਣਕਾਰੀ ਮੁਤਾਬਕ ਇਸ ਦੌਰਾਨ ਸ਼ੂਟਰ ਲਗਾਤਾਰ ਕਿਸੇ ਨਾਲ ਫੋਨ ‘ਤੇ ਗੱਲਬਾਤ ਕਰ ਰਹੇ ਸਨ ਤੇ ਮੂੰਹ ਨਾ ਢਕੇ ਹੋਣਾ ਉਨ੍ਹਾਂ ਦੇ ਪੇਸ਼ੇਵਰ ਹੋਣ ਦਾ ਸੰਕੇਤ ਹੈ। ਸਰਪੰਚ ਦਾ ਕਤਲ ਕੀਤੇ ਜਾਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਬੇਖੌਫ ਅੰਦਾਜ਼ ਵਿਚਪੈਲੇਸ ਦੇ ਅੰਦਰ ਦਾਖਲ ਹੁੰਦੇ ਹਨ। ਹਮਲਾਵਰ ਹੌਲੀ-ਹੌਲੀ ਕਈ ਟੇਬਲਾਂ ‘ਤੇ ਬੈਠੇ ਮਹਿਮਾਨਾਂ ਦੇ ਵਿਚੋਂ ਹੁੰਦੇ ਹੋਏ ਜਰਮਲ ਸਿੰਘ ਤੱਕ ਪਹੁੰਚੇ ਤੇ ਪਿਸਤੌਲ ਕੱਢ ਕੇ ਪਿੱਛੇ ਤੋਂ ਗੋਲੀ ਮਾਰ ਦਿੱਤੀ। ਹਮਲਾਵਰਾਂ ਨੇ ਹੁੱਡੀਆਂ ਪਾਈਆਂ ਹੋਈਆਂ ਸਨ ਤੇ ਕਾਲੀ ਹੁੱਡੀ ਵਾਲੇ ਸ਼ੂਟਰ ਨੇ ਸਰਪੰਚ ਨੂੰ ਗੋਲੀ ਮਾਰੀ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਹ ਪਾਰਕਿੰਗ ਵਾਲੀ ਥਾਂ ‘ਤੇ ਦਿਖੇ ਸਨ।
ਦੱਸ ਦੇਈਏ ਕਿ ਮ੍ਰਿਤਕ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਤੇ ਉਥੋਂ ਦੇ ਮੌਜੂਦਾ ਸਰਪੰਚ ਸਨ। ਉਹ ਵਿਆਹ ਸਮਾਰੋਹ ਵਿਚ ਲੜਕੀ ਵਾਲਿਆਂ ਵੱਲੋਂ ਸ਼ਾਮਲ ਹੋਏ ਸਨ। ਇਸੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਵਾਰਦਾਤ ਦੀ ਪੂਰੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਇਸ ਵੀਡੀਓ ਦੇ ਆਧਾਰ ‘ਤੇ ਹੀ ਪੁਲਿਸ ਨੇ ਹਮਲਾਵਰਾਂ ਦੀ ਪੂਰੀ ਪਲਾਨਿੰਗ ਸਮਝੀ ਹੈ।
Related