112 ਸਾਲ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਯੂ.ਕੇ. ਤੋਂ ਅਮਰੀਕਾ ਜਾ ਰਹੇ ਸਮੁੰਦਰੀ ਬੇੜੇ ਟਾਈਟੈਨਿਕ ਦੇ ਇਕ ਅਮੀਰ ਕਾਰੋਬਾਰੀ ਜੌਨ ਜੈਕਬ ਐਸਟਰ ਦੀ ਸੋਨੇ ਦੀ ਘੜੀ 11 ਲੱਖ 75 ਹਜ਼ਾਰ ਪੌਂਡ ‘ਚ ਨਿਲਾਮ ਹੋਈ। ਇੰਗਲੈਂਡ ਦੇ ਵਿਲਟਸ਼ਾਇਰ ਦੇ ਡੇਵਿਜ਼ ਸਥਿਤ ਨਿਲਾਮੀ ਘਰ ਹੈਂਰੀ ਐਲਡਰਿਜ਼ ਐਂਡ ਸਨ ਨੇ ਦੱਸਿਆ ਕਿ ਇਹ ਘੜੀ ਅਮਰੀਕਾ ਦੇ ਇਕ ਨਿੱਜੀ ਸੰਗ੍ਰਹਿ ਕਰਤਾ ਨੇ ਖਰੀਦੀ ਹੈ।
ਕਾਰੋਬਾਰੀ ਜੌਨ ਜੈਕਬ ਐਸਟਰ ਦੀ ਉਸ ਸਮੇਂ ਉਮਰ 47 ਸੀ। ਹਾਦਸੇ ਤੋਂ ਬਾਅਦ 15 ਅਪ੍ਰੈਲ, 1912 ਨੂੰ ਉਸ ਨੇ ਆਪਣੀ ਪਤਨੀ ਮੈਡੇਲੀਨ ਟਾਲਮੇਜ਼ ਫੋਰਸ ਨੂੰ ਜੀਵਨ ਕਿਸ਼ਤੀ (ਲਾਈਫ ਬੋਟ) ਦੇ ਦਿੱਤੀ ਸੀ, ਜੋ ਉਸ ਸਮੇਂ 5 ਮਹੀਨੇ ਦੀ ਗਰਭਪਤੀ ਸੀ। ਟਾਈਟੈਨਿਕ ਦੀਆਂ ਨਿਲਾਮ ਹੋਈਆਂ ਵਸਤੂਆਂ ਵਿਚ ਘੜੀ ਸਭ ਤੋਂ ਵੱਧ ਕੀਮਤ ਵਿਚ ਨਿਲਾਮ ਹੋਈ। ਐਸਟਰ ਦੀ ਲਾਸ਼ ਸੱਤ ਦਿਨਾਂ ਬਾਅਦ ਅਟਲਾਂਟਿਕ ਮਹਾਂਸਾਗਰ ਤੋਂ ਬਰਾਮਦ ਕੀਤੀ ਗਈ ਸੀ ਅਤੇ ਉਸ ਦੀ ਜੇਬ ਵਿਚੋਂ 14 ਕੈਰੇਟ ਸੋਨੇ ਦੀ ਵਾਲਬਮ ਜੇਬ ਘੜੀ ਮਿਲੀ ਸੀ, ਜਿਸ ‘ਤੇ ਜੇ.ਜੇ.ਏ. ਉੱਕਰਿਆ ਹੋਇਆ ਸੀ।
ਐਸਟਰ ਨੂੰ ਆਰ ਟਾਈਟੈਨਿਕ ਵਿਚ ਨੂੰ ਸਵਾਰ ਸਭ ਤੋਂ ਅਮੀਰ ਯਾਤਰੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਨੂੰ ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਮੰਨਿਆ ਜਾਂਦਾ ਸੀ, ਜਿਸ ਦੀ ਕੁੱਲ ਸੰਪਤੀ ਲਗਭਗ 87 ਮਿਲੀਅਨ ਅਮਰੀਕੀ ਡਾਲਰ ਸੀ, ਅੱਜ ਦੇ ਕਈ ਅਰਬ ਡਾਲਰ ਦੇ ਬਰਾਬਰ ਹੈ। ਇਹ ਘੜੀ ਐਸਟਰ ਦੇ ਪੁੱਤਰ ਵਿਨਸੈਂਟ ਨੇ ਆਪਣੇ ਪਿਤਾ ਦੇ ਕਾਰਜਕਾਰੀ ਸਕੱਤਰ, ਵਿਲੀਅਮ ਡੌਬਿਨ ਦੇ ਪੁੱਤਰ ਨੂੰ ਦਿੱਤੀ ਸੀ।
ਟਾਈਟੈਨਿਕ ਦੀਆਂ ਨਿਲਾਮ ਹੋਈਆਂ ਵਸਤੂਆਂ ਵਿਚ ਘੜੀ ਸਭ ਤੋਂ ਵੱਧ ਮਹਿੰਗੀ ਵਿਕੀ ਹੈ। ਇਸ ਤੋਂ ਪਹਿਲਾਂ ਇਕ ਵਾਇਲਨ 11 ਲੱਖ ਪੌਂਡ ਦੀ ਵਿਕੀ ਸੀ, ਜੋ ਕਿ ਸਮੁੰਦਰੀ ਜਹਾਜ਼ ਦੇ ਡੁੱਬਣ ਵੇਲੇ ਵਜਾਈ ਗਈ ਸੀ, ਜਿਸ ਨੂੰ 2013 ਵਿਚ ਉਸੇ ਨਿਲਾਮੀ ਘਰ ਵਿਚ ਵੇਚਿਆ ਗਿਆ ਸੀ। ਵਾਇਲਨ ਦਾ ਕੇਸ 3,60,000 ਪੌਂਡ ਵਿਚ ਵੇਚਿਆ ਗਿਆ ਸੀ।