Skip to content
ਜਲੰਧਰ (ਸੁਰਿੰਦਰ ਸ਼ਰਮਾ ਪੱਪੂ) : ਨਗਰ ਨਿਗਮ ਜਲੰਧਰ ਦੀ ਅੱਜ ਹੋਈ ਹਾਊਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਮਸਲੇ ਚਰਚਾ ਲਈ ਲਏ ਗਏ। ਮੀਟਿੰਗ ਵਿੱਚ ਮੇਅਰ ਵਿਨੀਤ ਧੀਰ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਵੱਖ–ਵੱਖ ਰਾਜਨੀਤਿਕ ਪਾਰਟੀਆਂ ਦੇ ਪਾਰਸ਼ਦ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਰਹੇ।
ਨਗਰ ਨਿਗਮ ਦੀ ਅੱਜ ਹੋਈ ਹਾਊਸ ਮੀਟਿੰਗ ਦੌਰਾਨ ਨਗਰ ਨਿਗਮ ਦੀਆਂ ਕਈ ਖਾਮੀਆਂ ਅਤੇ ਅਣਗੌਲੀਆਂ ਨੂੰ ਲੈ ਕੇ ਚਰਚਾ ਹੋਈ। ਮੇਅਰ ਵਿਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸਾਰੇ ਪਾਰਸ਼ਦਾਂ ਦੀ ਹਾਜ਼ਰੀ ਵਿੱਚ ਵਾਰਡ ਨੰ. 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਨੇ ਤਿੱਖੇ ਸਵਾਲਾਂ ਦੀ ਬੌਛਾਰ ਕਰ ਦਿੱਤੀ।
ਗਲੋਬਲ ਕੰਸਟਰਕਸ਼ਨ ਕੰਪਨੀ ਤੇ ਵੱਡੇ ਦੋਸ਼
ਟੀਟੂ ਨੇ ਹਾਊਸ ਵਿੱਚ ਸੀਧਾ ਇਸ਼ਾਰਾ ਕਰਦੇ ਹੋਏ ਕਿਹਾ ਕਿ “ਸ਼ਹਿਰ ਵਿੱਚ ਸਹੁਰੇ ਤੇ ਜਵਾਈ ਦੀ ਗਲੋਬਲ ਕੰਸਟਰਕਸ਼ਨ ਕੰਪਨੀ ਨਾਲ ਚੱਲ ਰਹੇ ਸਾਰੇ ਕੰਮਾਂ ਦਾ ਵਿਸਥਾਰ ਨਾਲ ਜਵਾਬ ਦਿੱਤਾ ਜਾਵੇ। ਕੀ ਇਹ ਕੰਮ ਪਾਰਦਰਸ਼ੀ ਢੰਗ ਨਾਲ ਦਿੱਤੇ ਗਏ ਹਨ ਜਾਂ ਕਿਸੇ ਖ਼ਾਸ ਪੱਖ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ?”
ਉਨ੍ਹਾਂ ਦੇ ਇਹ ਬਿਆਨ ਨਾਲ ਹਾਊਸ ਵਿੱਚ ਕਾਫ਼ੀ ਗਹਿਮਾ-ਗਹਿਮੀ ਰਿਹਾ।
ਸ਼ਹਿਰ ਵਿੱਚ ਨਜਾਇਜ਼ ਟਰਾਲੀਆਂ—ਦੁਰਘਟਨਾਵਾਂ ਦਾ ਵੱਡਾ ਕਾਰਨ
ਟੀਟੂ ਨੇ ਸ਼ਹਿਰ ਵਿੱਚ ਬਿਨਾ ਇਜਾਜ਼ਤ ਦੌੜ ਰਹੀਆਂ ਟਰਾਲੀਆਂ ਨੂੰ ਲੈ ਕੇ ਨਗਰ ਨਿਗਮ ਅਤੇ ਪੁਲਿਸ ਪ੍ਰਬੰਧਨ ‘ਤੇ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਨੇ ਕਿਹਾ—
“ਟਰਾਲੀਆਂ ਕਿਸਾਨਾਂ ਦੇ ਕੰਮ ਲਈ ਹੁੰਦੀਆਂ ਹਨ, ਪਰ ਸ਼ਹਿਰ ਦੇ ਰੋਡਾਂ ‘ਤੇ ਇਹ ਬੇਤਰਤੀਬੀ ਨਾਲ ਦੌੜ ਕੇ ਦਿਨ ਰਾਤ ਦੁਰਘਟਨਾਵਾਂ ਦਾ ਵੱਡਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ‘ਤੇ ਤੁਰੰਤ ਰੋਕ ਲਗਾਈ ਜਾਵੇ।”
ਪਵਿੱਤਰ ਸਥਾਨਾਂ ਦੇ ਨੇੜੇ ਕੂੜੇ ਦੇ ਡੰਪ—ਸ਼ਰਮਨਾਕ ਹਾਲਾਤ
ਸਰਦਾਰ ਮਨਜੀਤ ਸਿੰਘ ਟੀਟੂ ਨੇ ਸਭਾ ਵਿਚ ਗੰਭੀਰ ਮੁੱਦਾ ਚੁੱਕਿਆ ਕਿ“ਗੁਰਦੁਆਰਾ ਛੇਵੀਂ ਪਾਤਸ਼ਾਹੀ ਅਤੇ ਪਹਾੜੀ ਵਾਲੇ ਮੰਦਿਰ ਨੂੰ ਜਾਣ ਵਾਲੀ ਸੜਕ ‘ਤੇ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਹੈ, ਜੋ ਕਿ ਨਗਰ ਨਿਗਮ ਦੀ ਨਾਕਾਮੀ ਹੀ ਨਹੀਂ ਸਗੋਂ ਸ਼ਰਮਨਾਕ ਗੱਲ ਵੀ ਹੈ। ਪਵਿੱਤਰ ਸਥਾਨਾਂ ਦੇ ਨੇੜੇ ਗੰਦਗੀ ਕਿਸੇ ਵੀ ਰੂਪ ਵਿੱਚ ਕਬੂਲ ਨਹੀਂ।”
ਉਨ੍ਹਾਂ ਨੇ ਮੰਗ ਕੀਤੀ ਕਿ ਇਸ ਨਾਕਸ ਪ੍ਰਬੰਧਗੀ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਡੰਪ ਨੂੰ ਤੁਰੰਤ ਹਟਾਇਆ ਜਾਵੇ।
ਕੂੜਾ ਪ੍ਰਬੰਧਨ ਦੀ ਸਮੱਸਿਆ ‘ਤੇ ਤਿੱਖੀ ਗੱਲਬਾਤ
ਮੀਟਿੰਗ ਦੌਰਾਨ ਕਈ ਪਾਰਸ਼ਦਾਂ ਨੇ ਸ਼ਹਿਰ ਵਿੱਚ ਕੂੜਾ ਠੀਕ ਤਰ੍ਹਾਂ ਨਾ ਉਠਾਏ ਜਾਣ ਦੀ ਗੰਭੀਰ ਸਮੱਸਿਆ ਮੇਅਰ ਦੇ ਸਮੱਖ ਰੱਖੀ।
ਮੇਅਰ ਵਿਨੀਤ ਧੀਰ ਨੇ ਮੰਨਿਆ ਕਿ ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਦੀ ਵਿਵਸਥਾ ਵਿੱਚ ਦਿਕਕਤਾਂ ਆ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਨਿਵਾਰਨ ਲਈ ਕਮਿਸ਼ਨਰੇਟ ਪੁਲਿਸ ਦੀ CP ਧਨਪ੍ਰੀਤ ਕੌਰ ਨਾਲ ਗੱਲਬਾਤ ਜਾਰੀ ਹੈ ਅਤੇ ਜਲਦੀ ਇਹ ਸਮੱਸਿਆ ਹੱਲ ਕਰਵਾਈ ਜਾਵੇਗੀ।
70 ਕਰੋੜ ਦੀ ਗ੍ਰਾਂਟ ਨਾਲ ਅਨਅਪਰੂਵਡ ਕਲੋਨੀਆਂ ਵਿੱਚ ਸੜਕਾਂ ਬਣਨਗੀਆਂ
ਮੇਅਰ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਨਗਰ ਨਿਗਮ ਨੂੰ 70 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ।
ਇਸ ਰਕਮ ਨਾਲ ਜਲੰਧਰ ਦੀਆਂ ਅਨਅਪਰੂਵਡ ਕਲੋਨੀਆਂ ਵਿੱਚ ਜਲਦ ਹੀ ਨਵੀਆਂ ਸੜਕਾਂ ਤਿਆਰ ਕੀਤੀਆਂ ਜਾਣਗੀਆਂ।
ਅਰਬਨ ਅਸਟੇਟ ਵਿੱਚ ਫਾਟਕ ਖੁਲ੍ਹਣ ਬਾਵਜੂਦ ਟਰੈਫਿਕ ਸਮੱਸਿਆ ਜਿਉਂ ਦੀ ਤਿਉਂ
ਪਾਰਸ਼ਦ ਨੇ ਅਰਬਨ ਅਸਟੇਟ ਫਾਟਕ ਖੋਲ੍ਹਣ ਬਾਰੇ ਕਿਹਾ ਕਿ ਫਾਟਕ ਤਾਂ ਖੁਲ ਗਿਆ ਹੈ, ਪਰ ਇਸ ਨਾਲ ਟਰੈਫਿਕ ਦੀ ਸਮੱਸਿਆ ਹੱਲ ਨਹੀਂ ਹੋਈ। ਇਸ ਬਾਰੇ ਵੀ ਮੇਅਰ ਨੂੰ ਅਵਗਤ ਕਰਵਾਇਆ ਗਿਆ ਤਾਂ ਜੋ ਟਰੈਫਿਕ ਪ੍ਰਬੰਧਨ ਸੁਧਾਰਿਆ ਜਾ ਸਕੇ।
ਸੀਵਰੇਜ ਵੇਸਟ ਡਿਸਪੋਜ਼ਲ ਨੂੰ ਲੈ ਕੇ ਚਿੰਤਾ
ਮੀਟਿੰਗ ਵਿੱਚ ਪਾਰਸ਼ਦ ਨੇ ਸੁਪਰ ਸੈਕਸ਼ਨ 66 ਵੱਲੋਂ ਸੀਵਰੇਜ ਦਾ ਗੰਦਾ ਪਾਣੀ ਠੀਕ ਢੰਗ ਨਾਲ ਨਿਪਟਾਰਾ ਨਾ ਕਰਨ ਦੀ ਗੱਲ ਵੀ ਉਠਾਈ।
ਜਵਾਬ ਵਿੱਚ ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਚਾਰ ਨਿਰਧਾਰਤ ਥਾਵਾਂ—ਕਪੂਰਥਲਾ ਰੋਡ, ਰਾਮਾਮੰਡੀ, ਕੈਂਟ ਏਰੀਆ ਅਤੇ ਇੱਕ ਹੋਰ ਸਥਾਨ—‘ਤੇ ਸੀਵਰੇਜ ਦਾ ਪਾਣੀ ਡੰਪ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਦਸ ਸਾਲ ਪੁਰਾਣੀਆਂ ਗਲੀਆਂ ਦੀਆਂ ਸਮੱਸਿਆਵਾਂ ਦਾ ਹੱਲ
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਗਾਜ਼ੀ ਗੁੱਲਾ ਖੇਤਰ ਵਿੱਚ ਪਿਛਲੇ 10 ਸਾਲਾਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਹਰਗੋਬਿੰਦ ਨਗਰ ਅਤੇ ਹੋਰ ਇਲਾਕਿਆਂ ਵਿੱਚ ਵੀ ਸੀਵਰੇਜ ਦੀਆਂ ਸਮੱਸਿਆਵਾਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
Related