ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੀਨੀਅਰ ਸੈਕੰਡਰੀ (ਸੀਬੀਐੱਸਈ) ਨੇ ਵਿਦੇਸ਼ ’ਚ ਸਥਿਤ ਬੋਰਡ ਨਾਲ ਸਬੰਧਤ ਸਕੂਲਾਂ ਲਈ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 8ਵੀਂ ਕਲਾਸ ਤੱਕ ਇਕ ਗਲੋਬਲ ਕਰੀਕੁਲਮ (ਵਿਸ਼ਵ ਕੋਰਸ) ਤਿਆਰ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸੀਬੀਐੱਸਈ ਦਾ ਇਹ ਕਦਮ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਤੇ ਰਾਸ਼ਟਰੀ ਕੋਰਸ ਰੂਪਰੇਖਾ-2023 ਦੇ ਮੁਤਾਬਕ ਹੈ, ਜਿਸ ’ਚ ਭਾਰਤੀ ਮੁੱਲਾਂ ਦੇ ਨਾਲ ਅੰਤਰਰਾਸ਼ਟਰੀ ਵਿੱਦਿਅਕ ਸਟੈਂਡਰਡ ਦਾ ਮੇਲ ਕੀਤਾ ਜਾਵੇਗਾ। ਇਸ ਪਹਿਲ ਦਾ ਮਕਸਦ ਸਿਰਫ਼ ਪਰਵਾਸੀ ਭਾਰਤੀ ਵਿਦਿਆਰਥੀਆਂ ਤੱਕ ਸੀਮਤ ਨਾ ਰਹਿ ਕੇ ਮੇਜ਼ਬਾਨ ਦੇਸ਼ਾਂ ਦੇ ਸਥਾਨਕ ਵਿਦਿਆਰਥੀਆਂ ਤੱਕ ਵੀ ਪਹੁੰਚ ਵਧਾਉਣਾ ਹੈ। ਬੋਰਡ ਦੀ ਗਵਰਨਿੰਗ ਬਾਡੀ ਦੀ ਬੈਠਕ ’ਚ ਕਿਹਾ ਗਿਆ ਕਿ ਗਲੋਬਲ ਕਰੀਕੁਲਮ ਦਾ ਨਿਰਮਾਣ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਿੱਖਿਆ ਤਰੀਕਿਆਂ ਤੇ ਸਥਾਨਕ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇਗਾ। ਇਸਦੇ ਲਈ ਵਿਦੇਸ਼ ’ਚ ਸਥਿਤ ਸੀਬੀਐੱਸਈ ਸਕੂਲਾਂ ਤੇ ਅੰਤਰਰਾਸ਼ਟਰੀ ਕੋਰਸ ਚਲਾਉਣ ਵਾਲੇ ਅਦਾਰਿਆਂ ਦੇ ਮਾਹਿਰਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਇਕ ਪੇਸ਼ੇਵਰ ਵਿੱਦਿਅਕ ਏਜੰਸੀ ਨੂੰ ਵੀ ਚੁਣਿਆ ਜਾਏਗਾ, ਜਿਹੜੀ ਵਿਸ਼ੇਵਾਰ ਸੀਬੀਐੱਸਈ ਅਧਿਕਾਰੀਆਂ ਦੇ ਨਿਰਦੇਸ਼ਨ ’ਚ ਕੋਰਸ, ਸਿੱਖਿਆ ਸਮੱਗਰੀ, ਮੁਲਾਂਕਣ ਢਾਂਚਾ ਤੇ ਦੇਸ਼-ਵਿਦੇਸ਼ ਐਫੀਲੀਏਸ਼ਨ ਨਿਯਮ ਤਿਆਰ ਕਰੇਗੀ।
ਸੀਬੀਐੱਸਈ ਦਾ ਟੀਚਾ ਹੈ ਕਿ ਅਗਲੇ ਪੰਜ ਸਾਲਾਂ ’ਚ ਦੁਨੀਆ ਭਰ ਦੇ ਕਰੀਬ ਇਕ ਹਜ਼ਾਰ ਸਕੂਲਾਂ ਨੂੰ ਇਸ ਗਲੋਬਲ ਕਰੀਕੁਲਮ ਨਾਲ ਜੋੜਿਆ ਜਾਏ, ਜਿਸ ਨਾਲ ਬੋਰਡ ਦੀ ਪਹੁੰਚ ਪਰਵਾਸੀ ਭਾਰਤੀ ਫਿਰਕੇ ਤੋਂ ਅੱਗੇ ਵੱਧ ਕੇ ਵੱਖ ਵੱਖ ਦੇਸ਼ਾਂ ਦੇ ਸਥਾਨਕ ਵਿਦਿਆਰਥੀ ਫਿਰਕੇ ਤੱਕ ਹੋ ਸਕੇ।