
Skip to content

(ਅਮਿਤ ਨਖਵਾਲ) ਕੀਵ/ਮਾਸਕੋ: ਰੂਸ-ਯੂਕਰੇਨ ਜੰਗ ਇੱਕ ਵਾਰ ਫਿਰ ਭਿਆਨਕ ਮੋੜ ‘ਤੇ ਪਹੁੰਚ ਗਈ ਹੈ। ਯੂਕਰੇਨ ਨੇ ਰੂਸ ਦੀ ਰਾਜਧਾਨੀ ਮਾਸਕੋ ‘ਤੇ 400 ਤੋਂ ਵੱਧ ਡਰੋਨਾਂ ਨਾਲ ਵੱਡਾ ਹਮਲਾ ਕੀਤਾ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਮੁਤਾਬਕ, ਐਤਵਾਰ ਦੇਰ ਰਾਤ ਤੋਂ ਸੋਮਵਾਰ ਸਵੇਰੇ ਤੱਕ ਕੀਤੇ ਗਏ ਇਸ ਹਮਲੇ ਦੌਰਾਨ ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ ਜ਼ਿਆਦਾਤਰ ਡਰੋਨਾਂ ਨੂੰ ਰਾਜਧਾਨੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ, ਜਦਕਿ 85 ਡਰੋਨ ਮਾਸਕੋ ਦੇ ਆਲੇ-ਦੁਆਲੇ ਮਾਰ ਗਿਰਾਏ ਗਏ।
ਮਾਸਕੋ ਖੇਤਰ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 10 ਲੋਕ ਜ਼ਖਮੀ ਹੋਏ ਹਨ। ਕਈ ਰਿਹਾਇਸ਼ੀ ਇਮਾਰਤਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਰੂਸ ਨੇ ਕੀਵ ਅਤੇ ਹੋਰ ਯੂਕਰੇਨੀ ਸ਼ਹਿਰਾਂ ‘ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਲਗਾਤਾਰ ਹਮਲੇ ਕੀਤੇ। ਯੂਕਰੇਨੀ ਹਵਾਈ ਸੈਨਾ ਦੇ ਅਨੁਸਾਰ, ਰੂਸ ਨੇ ਰਾਤੋ-ਰਾਤ ਦੋ ਮਿਜ਼ਾਈਲਾਂ ਅਤੇ 94 ਲੰਬੀ ਦੂਰੀ ਦੇ ਡਰੋਨ ਯੂਕਰੇਨ ਵੱਲ ਦਾਗੇ।
ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਸਦੀ ਫੌਜ ਨੇ ਦੱਖਣੀ ਯੂਕਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਵਿੱਚ ਬਾਲਣ ਸਟੋਰੇਜ ਟੈਂਕਾਂ ਨੂੰ ਨਿਸ਼ਾਨਾ ਬਣਾਇਆ।
ਉੱਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਇੱਕ “ਮਹੱਤਵਪੂਰਨ ਮੀਟਿੰਗ” ਬੁਲਾਈ ਹੈ। ਇਹ ਮੀਟਿੰਗ ਹਾਲ ਹੀ ਵਿੱਚ ਹੋਏ ਸਰਕਾਰੀ ਫੇਰਬਦਲ ਅਤੇ ਫੌਜੀ ਲੀਡਰਸ਼ਿਪ ਨੂੰ ਲੈ ਕੇ ਉਭਰੇ ਰਾਜਨੀਤਿਕ ਵਿਵਾਦ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਦੇ ਅਹੁਦੇ ਵਿੱਚ ਤਬਦੀਲੀ ਅਤੇ ਫੌਜੀ ਕਮਾਂਡ ਨੂੰ ਲੈ ਕੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨ ਵੀ ਜਾਰੀ ਹਨ।
ਦੋਵਾਂ ਦੇਸ਼ਾਂ ਵਿਚਕਾਰ ਲਗਾਤਾਰ ਹੋ ਰਹੇ ਜਵਾਬੀ ਹਮਲਿਆਂ ਕਾਰਨ ਜੰਗ ਹੋਰ ਤੇਜ਼ ਹੋਣ ਦੇ ਸੰਕੇਤ ਮਿਲ ਰਹੇ ਹਨ ਅਤੇ ਫਿਲਹਾਲ ਸ਼ਾਂਤੀ ਵਾਰਤਾਵਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
Related